ਦਵਿੰਦਰ ਪਾਲ
ਚੰਡੀਗੜ੍ਹ, 18 ਜਨਵਰੀ
ਸ਼੍ਰੋਮਣੀ ਅਕਾਲੀ ਦਲ ਨੇ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਸ਼ਮੂਲੀਅਤ ਵਾਲੇ ‘ਚੈਟ ਗੇਟ’ ਘੁਟਾਲੇ ਦਾ ਨੋਟਿਸ ਨਾ ਲਏ ਜਾਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੂੰ ਕਿਸੇ ਵੀ ਮੀਡੀਆ ਘਰਾਣੇ ਨੂੰ ਕੌਮੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨ ਦੇਣਾ ਚਾਹੀਦਾ। ਇੱਕ ਬਿਆਨ ਰਾਹੀਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬਾਲਾਕੋਟ ਹਮਲੇ ਦੀ ਸੂਚਨਾ ਲੀਕ ਕਰਨ ਬਾਰੇ ਖੁਲਾਸੇ ਹੋਣ ਮਗਰੋਂ ਐੱਨਡੀਏ ਸਰਕਾਰ ਨੇ ਕੇਸ ਦੀ ਜਾਂਚ ਦੇ ਹਾਲੇ ਵੀ ਹੁਕਮ ਨਹੀਂ ਦਿੱਤੇ। ਉਨ੍ਹਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕੇਸ ਦੀ ਜਾਂਚ ਕਰਨ ਦੇ ਹੁਕਮ ਦੇਣ ਦੀ ਅਪੀਲ ਕੀਤੀ ਤਾਂ ਕਿ ਕੇਸ ਦੀ ਸਚਾਈ ਲੋਕਾਂ ਸਾਹਮਣੇ ਆਵੇ। ਉਨ੍ਹਾਂ ਕਿਹਾ ਕਿ ਚੀਫ ਜਸਟਿਸ ਇਸ ਸਾਰੇ ਮਾਮਲੇ ਦੀ ਨਿਸ਼ਚਿਤ ਸਮੇਂ ’ਚ ਸੁਣਵਾਈ ਲਈ ਡਬਲ ਬੈਂਚ ਵੀ ਗਠਿਤ ਕਰ ਸਕਦੇ ਹਨ। ਗਰੇਵਾਲ ਨੇ ਕਿਹਾ ਕਿ ਅਰਨਬ ਗੋਸਵਾਮੀ ਅਤੇ ਪਾਰਥੋ ਦਾਸਗੁਪਤਾ ਵਿਚਾਲੇ ਹੋਈ ਗੱਲਬਾਤ ਦੇ ਕੁਝ ਅੰਸ਼ ਲੀਕ ਹੋਣ ਤੋਂ ਸਪੱਸ਼ਟ ਹੈ ਕਿ ਗੋਸਵਾਮੀ ਦੀ ਚੋਟੀ ਦੇ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਅਹੁਦਿਆਂ ’ਤੇ ਬੈਠੇ ਲੋਕਾਂ ਤਕ ਸਿੱਧੀ ਪਹੁੰਚ ਹੈ। ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਹ ਜਾਣਕਾਰੀ ਕੌਣ ਲੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਸਭ ਤੋਂ ਉਪਰ ਹੈ, ਇਸ ਲਈ ਗੋਸਵਾਮੀ ਨੂੰ ਦੇਸ਼ ਦੇ ਹਿੱਤਾਂ ਖਾਤਰ ਆਪਣੇ ਆਪ ਪੁੱਛਗਿੱਛ ਲਈ ਪੇਸ਼ ਹੋਣਾ ਚਾਹੀਦਾ ਹੈ।