ਬਲਵਿੰਦਰ ਰੈਤ
ਨੂਰਪੁਰ ਬੇਦੀ, 18 ਜਨਵਰੀ
ਦੇਸ਼ ਭਰ ਵਿੱਚ ਮਨਾਏ ਗਏ ਮਹਿਲਾ ਕਿਸਾਨ ਦਿਵਸ ਮੌਕੇ ਅੱਜ ਇੱਥੇ ਭਾਗ ਕੌਰ ਜੇਤੇਵਾਲ, ਕੁਲਦੀਪ ਕੌਰ ਕੂੰਭੇਵਾਲ, ਕਮਲਜੀਤ ਕੌਰ ਨੂਰਪੁਰ ਬੇਦੀ ਅਤੇ ਭੁਪਿੰਦਰ ਕੌਰ ਸੰਦੋਆ ਦੀ ਅਗਵਾਈ ਹੇਠ ਰੈਲੀ ਕੱਢਣ ਤੋਂ ਬਾਅਦ ਸਾਰੇ ਸ਼ਹਿਰ ’ਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮਹਿਲਾ ਕਿਸਾਨ ਆਗੂਆਂ ਰਤਨ ਕੌਰ ਢਿੱਲੋਂ, ਸਿਮਰਨਜੀਤ ਕੌਰ ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਇਲਾਕਾ ਨੂਰਪੁਰ ਬੇਦੀ ਤੋਂ 26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਲਈ ਦੋ ਟਰਾਲੀਆਂ ਭਰ ਕੇ ਇਸਤਰੀਆਂ ਵੀ ਜਾਣਗੀਆਂ।
ਅਮਲੋਹ (ਰਾਮ ਸਰਨ ਸੂਦ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਮਲੋਹ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਮੰਡੀ ਗੋਬਿੰਦਗੜ੍ਹ ਚੌਕ ਵਿੱਚ ਪਿਛਲੇ ਕਈ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਵੱਡੀ ਗਿਣਤੀ ’ਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੀਆਂ ਔਰਤਾਂ ਨੇ ਸ਼ਮੁੂਲੀਅਤ ਕੀਤੀ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਗਰ ਕੌਂਸਲ ਅਮਲੋਹ ਦੀ ਪ੍ਰਧਾਨ ਕਿਰਨ ਸੂਦ, ਕੌਂਸਲ ਮੀਤ ਪ੍ਰਧਾਨ ਬੀਬੀ ਬਲਵਿੰਦਰ ਕੌਰ, ‘ਆਪ’ ਦੀ ਸੀਨੀਅਰ ਆਗੂ ਬੀਬੀ ਸੁਖਵਿੰਦਰ ਕੌਰ ਅਤੇ ਹੋਰ ਔਰਤਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਔਰਤ ਵਰਗ ਕਿਸਾਨੀ ਅੰਦੋਲਨ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ।
ਲਾਲੜੂ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਤੇ ਬਲਾਕ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਹੇਠ ਟੌਲ ਪਲਾਜ਼ਾ ਦੱਪਰ ’ਤੇ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕਿਸਾਨ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਜਨਰਲ ਸਕੱਤਰ ਪੁਸ਼ਪਾ ਸ਼ਰਮਾ, ਸਰਕਲ ਪ੍ਰਧਾਨ ਲਾਜਵੰਤੀ, ਸੁਖਚੈਨ ਕੌਰ, ਰੀਨਾ ਰਾਣੀ, ਸ਼ਕਤੀ ਬਾਲਾ ਤੇ ਵੱਡੀ ਗਿਣਤੀ ’ਚ ਹੋਰ ਔਰਤਾਂ ਮੌਜੂਦ ਸਨ।
ਮੁਹਾਲੀ ਤੋਂ ਬੀਬੀਆਂ ਦਾ ਵੱਡਾ ਜਥਾ ਦਿੱਲੀ ਧਰਨੇ ’ਚ ਪੁੱਜਿਆ
ਐਸ.ਏ.ਐਸ. ਨਗਰ (ਮੁਹਾਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਧਰਨੇ ਵਾਲੀ ਥਾਂ ਕਿਸਾਨ ਮਹਿਲਾ ਦਿਵਸ ਮਨਾਉਣ ਦੇ ਸੱਦੇ ਤਹਿਤ ਅੱਜ ਸੈਕਟਰ-70 ’ਚੋਂ ‘ਯੂਥ ਆਫ਼ ਪੰਜਾਬ’ ਸੰਸਥਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਤੇ ਸਮਾਜ ਸੇਵੀ ਆਗੂ ਗੁਰਜੀਤ ਸਿੰਘ ਮਾਮਾ ਮਟੌਰ ਦੀ ਅਗਵਾਈ ਹੇਠ ਬੀਬੀਆਂ ਦਾ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਗੁਰਜੀਤ ਸਿੰਘ ਮਟੌਰ ਨੇ ਦੱਸਿਆ ਕਿ ਅੱਜ ਸੈਕਟਰ-70 ਤੋਂ ਬੀਬੀਆਂ ਇੱਕ ਬੱਸ ਰਾਹੀਂ ਦਿੱਲੀ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਲਈ ਪੁੱਜੀਆਂ। -ਪੱਤਰ ਪ੍ਰੇਰਕ
ਸਾਹਿਤ ਸਭਾ ਵੱਲੋਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਮੈਂਬਰਾਂ ਦੀ ਮੀਟਿੰਗ ਸਭਾ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਭ ਤੋਂ ਪਹਿਲਾਂ ਮੈਂਬਰਾਂ ਵੱਲੋਂ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਸਾਹਿਤਕ ਦੌਰ ਦੌਰਾਨ ਸੁਰਿੰਦਰ ਕੰਗ ਨੇ ਕਿਸਾਨੀ ਸੰਘਰਸ਼ ਸਬੰਧੀ ਰਚਨਾ ਪੇਸ਼ ਕੀਤੀ। ਕੁਲਵਿੰਦਰ ਸਿੰਘ ਵੱਲੋਂ ਕਵਿਤਾ ਸੁਣਾਈ ਗਈ। ਸੁਰਜੀਤ ਸਿੰਘ ਜੀਤ ਨੇ ਗੀਤ ਅਤੇ ਗਜ਼ਲ ਸੁਣਾਈ ਜਦਕਿ ਹਰਨਾਮ ਸਿੰਘ ਡੱਲਾ ਵੱਲੋਂ ਵੀ ਗਜ਼ਲ ਸੁਣਾ ਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਹੀ ਗਈ।