ਪੱਤਰ ਪ੍ਰੇਰਕ
ਬਨੂੜ, 6 ਨਵੰਬਰ
ਪਿੰਡ ਰਾਮਨਗਰ ਵਿੱਚ ਚੋਰਾਂ ਨੇ ਕਿਸਾਨ ਹਰਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਦੀਆਂ ਛੇ ਮੱਝਾਂ ਚੋਰੀ ਕਰ ਲਈਆਂ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਉਹ ਕਿਸਾਨੀ ਦੇ ਨਾਲ ਸਹਾਇਕ ਧੰਦੇ ਵਜੋਂ ਮੱਝਾਂ ਰੱਖਕੇ ਦੁੱਧ ਵੇਚਣ ਦਾ ਧੰਦਾ ਕਰਦਾ ਹੈ। ਉਸ ਨੇ ਆਪਣੇ ਘਰ ਦੇ ਨਾਲ ਲੱਗਦੇ ਵਾੜੇ ਵਿੱਚ ਮੱਝਾਂ ਰੱਖੀਆ ਹੋਈਆਂ ਹਨ। ਉਸ ਨੇ ਦੱਸਿਆ ਕਿ ਉਹ ਰਾਤੀਂ ਮੱਝਾਂ ਦਾ ਕੰਮ-ਕਾਰ ਨਬਿੇੜ ਕੇ ਦੇਰ ਰਾਤ ਘਰ ਆ ਕੇ ਸੌਂ ਗਿਆ ਸੀ। ਸਵੇਰੇ ਚਾਰ ਕੁ ਵਜੇ ਜਦੋਂ ਉਹ ਮੱਝਾਂ ਨੂੰ ਪੱਠੇ ਪਾਉਣ ਅਤੇ ਦੁੱਧ ਚੋਣ ਲਈ ਗਿਆ ਤਾਂ ਮੱਝਾਂ ਦੇ ਵਾੜੇ ਵਾਲੇ ਗੇਟ ਦਾ ਬਾਹਰੋਂ ਜਿੰਦਰਾ ਟੁੱਟਿਆ ਹੋਇਆ ਸੀ ਤੇ ਅੰਦਰੋਂ ਛੇ ਮੱਝਾਂ ਗਾਇਬ ਸਨ। ਉਸ ਨੇ ਦੱਸਿਆ ਕਿ ਚੋਰੀ ਹੋਈਆਂ ਮੱਝਾਂ ਵਿੱਚ ਦੋ ਤਾਜ਼ੀਆਂ ਸੂਈਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਸ ਦਾ ਸੱਤ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਕਿਹਾ ਕਿ ਇਸ ਸਬੰਧੀ ਉਸ ਨੇ ਬਨੂੜ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।