ਤਲਵਿੰਦਰ ਮੰਡ ਟੋਰਾਂਟੋ
ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜੇ ਜਾ ਰਹੇ ਸੰਘਰਸ਼ ਵਿਚ ਜੁਟੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਆਪਣਾ ਯੋਗਦਾਨ ਪਾਉਣ ਲਈ ਟੋਰਾਂਟੋ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਆਪਣੇ ਆਪਣੇ ਢੰਗ ਨਾਲ ਰੋਸ ਮੁਜ਼ਾਹਰੇ ਕੀਤੇ ਗਏ।
ਇੱਥੋਂ ਦੇ ਸ਼ਹਿਰ ਬਰੈਂਪਟਨ ਵਿਚ ਸਟੀਲਜ਼ ਐਵੇਨਿਉ ਅਤੇ ਹਾਈਵੇ ਦਸ ਦੇ ਇੰਟਰਸੈਕਸ਼ਨ ’ਤੇ ਬਣੇ ਸ਼ਾਪਰਜ਼ ਵਰਲਡ ਮਾਲ ਦੇ ਪਾਰਕਿੰਗ ਲਾਟ ਵਿਚ ਲੋਹੜੀ ਦੀ ਸ਼ਾਮ ਨੂੰ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਜਿੱਥੇ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਉੱਥੇ ਲੋਹੜੀ ਨਾਲ ਸਬੰਧਤ ਗੀਤ ਜੋ ਕਿਰਸਾਨੀ ਘੋਲ ਦੀ ਤਰਜ਼ਮਾਨੀ ਕਰਦੇ ਸਨ, ਨੂੰ ਗਾ ਕੇ ਅਨੋਖੇ ਢੰਗ ਦੀ ਲੋਹੜੀ ਮਨਾਈ ਗਈ। ਇਸ ਮੌਕੇ ਬਜ਼ੁਰਗ, ਬੀਬੀਆਂ, ਨੌਜਵਾਨਾਂ, ਬੱਚਿਆਂ ਅਤੇ ਵੱਡੀ ਗਿਣਤੀ ਵਿਚ ਇੰਟਰਨੈਸ਼ਨਲ ਸਟੂਡੈਂਟਸ ਸ਼ਾਮਲ ਸਨ। ਇਸ ਮੌਕੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਵਿਰੋਧ ਪ੍ਰਗਟ ਕੀਤਾ ਗਿਆ।
ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਵੱਖ ਵੱਖ ਚੌਦਾਂ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ‘ਫਾਰਮਰਜ਼ ਸਪੋਰਟ ਕਮੇਟੀ’ ਵੱਲੋਂ ਜੂਮ ’ਤੇ ਮੀਟਿੰਗ ਕਰਕੇ ਇਸ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਆਪਣਾ ਰੋਸ ਪ੍ਰਗਟਾਉਣ ਲਈ ਇਸ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਜੁੜੇ ਮੈਂਬਰਾਂ ਵੱਲੋਂ ਵੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਆਪੋ ਆਪਣੇ ਕੈਮਰਿਆਂ ਅੱਗੇ ਪਾੜ ਕੇ ਰੋਸ ਪ੍ਰਗਟਾਵਾ ਕੀਤਾ ਗਿਆ। ਇਨ੍ਹਾਂ ਦੋਵੇਂ ਸਭਾਵਾਂ ਵਿਚ ਬੁਲਾਰਿਆਂ ਨੇ ਭਾਰਤ ਸਰਕਾਰ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਵਾਪਸ ਲੈਣ ਲਈ ਕਿਹਾ।
ਸੰਪਰਕ: 416-904-3500