ਸ੍ਰੀਨਗਰ, 13 ਦਸੰਬਰ
ਜੰਮੂ ਕਸ਼ਮੀਰ ਹਥਿਆਰਬੰਦ ਪੁਲੀਸ ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਇਕ ਬੱਸ ’ਤੇ ਅੱਜ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਦੋ ਪੁਲੀਸ ਕਰਮੀਆਂ ਦੀ ਮੌਤ ਹੋ ਗਈ ਤੇ 12 ਹੋਰ ਫੱਟੜ ਹੋ ਗਏ। ਸੰਸਦ ’ਤੇ ਹਮਲੇ ਦੀ 20ਵੀਂ ਵਰ੍ਹੇਗੰਢ ਮੌਕੇ ਇਹ ਹਮਲਾ ਸ੍ਰੀਨਗਰ ਦੇ ਬਾਹਰਵਾਰ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਪਾਂਥਾ ਚੌਕ ਇਲਾਕੇ ਵਿਚ ਜ਼ੇਵਨ ਨੇੜੇ ਅਤਿਵਾਦੀਆਂ ਨੇ ਬੱਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਕਰੀਬ 12 ਪੁਲੀਸ ਕਰਮੀ ਜ਼ਖ਼ਮੀ ਹਨ ਤੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ ਹੈ। ਹਮਲੇ ਵਿਚ ਇਕ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਦੀ ਮੌਤ ਹੋਈ ਹੈ। ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ ਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਲਈ ਜਾ ਰਹੀ ਹੈ। ਹਾਲੇ ਤੱਕ ਕਿਸੇ ਅਤਿਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸੇ ਦੌਰਾਨ ਸ੍ਰੀਨਗਰ ਦੇ ਬਾਹਰਵਾਰ ਹੋਏ ਇਕ ਮੁਕਾਬਲੇ ਵਿਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ ਹਨ। ਇਹ ਮੁਕਾਬਲਾ ਰੰਗਰੇਠ ਇਲਾਕੇ ਵਿਚ ਹੋਇਆ। ਕਸ਼ਮੀਰ ਜ਼ੋਨ ਦੀ ਪੁਲੀਸ ਨੇ ਟਵੀਟ ਕਰ ਕੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਹੈ। -ਪੀਟੀਆਈ
ਪ੍ਰਧਾਨ ਮੰਤਰੀ ਨੇ ਹਮਲੇ ਬਾਰੇ ਵੇਰਵੇ ਮੰਗੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਹੋਏ ਅਤਿਵਾਦੀ ਹਮਲੇ ਦੇ ਵੇਰਵੇ ਮੰਗੇ ਹਨ। ਉਨ੍ਹਾਂ ਮ੍ਰਿਤਕ ਪੁਲੀਸ ਕਰਮੀਆਂ ਦੇ ਪਰਿਵਾਰਾਂ ਨਾਲ ਦੁੱਖ ਵੀ ਪ੍ਰਗਟ ਕੀਤਾ ਹੈ। ਇਕ ਟਵੀਟ ਵਿਚ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਅਤਿਵਾਦੀ ਹਮਲੇ ਦੇ ਵੇਰਵੇ ਮੰਗੇ ਹਨ। ਉਨ੍ਹਾਂ ਨਾਲ ਹੀ ਮ੍ਰਿਤਕ ਪੁਲੀਸ ਕਰਮੀਆਂ ਦੇ ਪਰਿਵਾਰਾਂ ਨਾਲ ਦੁੱਖ ਵੀ ਪ੍ਰਗਟ ਕੀਤਾ ਹੈ।’ -ਪੀਟੀਆਈ
ਸੈਨਿਕ ਨੇ ਆਪਣੀ ਰਾਈਫਲ ਨਾਲ ਖ਼ੁਦਕੁਸ਼ੀ ਕੀਤੀ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਅੱਜ ਇਕ ਸੈਨਿਕ ਨੇ ਆਪਣੀ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਪੁਲੀਸ ਮੁਤਾਬਕ ਚੌਕੀਬਲ ਇਲਾਕੇ ਵਿਚ ਅੱਜ ਸੁਵੱਖਤੇ ਹਵਲਦਾਰ ਐੱਸ.ਐੱਸ. ਅਰਜੁਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਫ਼ੌਜੀ ਵੱਲੋਂ ਅਜਿਹਾ ਕਦਮ ਚੁੱਕਣ ਪਿਛਲੇ ਕਾਰਨਾਂ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। -ਪੀਟੀਆਈ