ਪੇਈਚਿੰਗ, 24 ਜੁਲਾਈ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਲਹਾਸਾ (ਤਿੱਬਤ) ਵਿਚ ਚੋਟੀ ਦੇ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਜਿਨਪਿੰਗ ਨੇ ਇਸ ਮੌਕੇ ਤਿੱਬਤ ਵਿਚ ਸਥਿਰਤਾ ਤੇ ਖ਼ੁਸ਼ਹਾਲੀ ਦੇ ਮਹੱਤਵ ਉਤੇ ਜ਼ੋਰ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਸ਼ੀ ਨੇ ਇਸ ਰਣਨੀਤਕ ਤੌਰ ’ਤੇ ਅਹਿਮ ਖਿੱਤੇ ਦਾ ਦੌਰਾ ਕੀਤਾ। ਉਹ ਨਇੰਗਚੀ ਕਸਬੇ ਵੀ ਗਏ ਜਿਸ ਦੀ ਹੱਦ ਭਾਰਤ ਦੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਹੈ। ਸੱਤਾਧਾਰੀ ਪਾਰਟੀ ‘ਸੀਪੀਸੀ’ ਦੇ ਜਨਰਲ ਸਕੱਤਰ ਤੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਜਿਨਪਿੰਗ ਨੇ ਭਾਰਤ, ਅਰੁਣਾਚਲ ਸਰਹੱਦ ਉਤੇ ਤਾਇਨਾਤ ਤਿੱਬਤ ਫ਼ੌਜੀ ਕਮਾਂਡ ਦੇ ਅਧਿਕਾਰੀਆਂ ਨੂੰ ‘ਜੰਗੀ ਤਿਆਰੀਆਂ ਤੇ ਹੋਰ ਸਿਖ਼ਲਾਈ ਪੂਰੀ ਤਰ੍ਹਾਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ।’ ਸ਼ੀ ਜਿਨਪਿੰਗ (68) ਰਾਸ਼ਟਰਪਤੀ ਵੱਜੋਂ ਪਹਿਲੀ ਵਾਰ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਤਿੱਬਤ ਦੇ ਦੌਰੇ ਉਤੇ ਰਹੇ। ਦੌਰੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਅੱਜ ਦੌਰਾ ਖ਼ਤਮ ਹੋਣ ਉਤੇ ਹੀ ਇਸ ਬਾਰੇ ਦੱਸਿਆ ਗਿਆ। ਵੀਰਵਾਰ ਨੂੰ ਸ਼ੀ ਨਇੰਗਚੀ ਰੇਲਵੇ ਸਟੇਸ਼ਨ ਗਏ। ਕਈ ਸਾਲਾਂ ਵਿਚ ਪਹਿਲੀ ਵਾਰ ਚੀਨ ਦਾ ਕੋਈ ਚੋਟੀ ਦਾ ਆਗੂ ਤਿੱਬਤ ਦੇ ਸਰਹੱਦੀ ਕਸਬਿਆਂ ਤੱਕ ਗਿਆ ਹੈ। -ਪੀਟੀਆਈ