ਰਵੇਲ ਸਿੰਘ ਭਿੰਡਰ
ਪਟਿਆਲਾ, 20 ਜਨਵਰੀ
ਪੰਜਾਬੀ ਯੂਨੀਵਰਸਿਟੀ ਵਿੱਚ ਚਾਰ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸਟੂਡੈਂਟਸ ਫੈਡਰੇਸਨ ਆਫ ਇੰਡੀਆ ਦੇ ਸਾਂਝੇ ਵਿਦਿਆਰਥੀ ਮੋਰਚੇ ਦੀ ਅਗਵਾਈ ਵਿੱਚ ਹੋਸਟਲ ਪੂਰਨ ਤੌਰ ’ਤੇ ਖੁੱਲ੍ਹਵਾਉਣ ਤੇ ਸਮੈਸਟਰ ਫੀਸ ਬਗ਼ੈਰ ਜੁਰਮਾਨੇ ਤੋਂ ਭਰਨ ਲਈ ਸਮਾਂ ਦੇਣ ਦੀਆਂ ਮੰਗਾਂ ਉੱਪਰ ਪੱਕਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਮੰਗਾਂ ਦੇ ਹੱਕ ’ਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ’ਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ ਸਾਲ ਤੱਕ ਹੋਸਟਲਰਾਂ ਦੀ ਗਿਣਤੀ ਲੜਕੀਆਂ ਅਤੇ ਲੜਕਿਆਂ ਲਈ ਕ੍ਰਮਵਾਰ 3200 ਅਤੇ 2500 ਬਣਦੀ ਹੈ ਪਰ ਇਸ ਸਾਲ ਕਰੋਨਾ ਦੀਆਂ ਹਦਾਇਤਾਂ ਦੇ ਨਾਮ ਉੱਪਰ ਇਹ ਸੀਟਾਂ ਦੀ ਗਿਣਤੀ ਘਟਾ ਕੇ ਅੱਧ ਤੋਂ ਵੀ ਘੱਟ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਮੁਤਾਬਕ ਮਾਸਟਰ ਕੋਰਸਾਂ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਿੱਚੋਂ ਸਿਰਫ 95 ਲੜਕੀਆਂ ਅਤੇ 240 ਲੜਕਿਆਂ ਨੂੰ ਹੀ ਹੋਸਟਲ ਦੀ ਸਹੂਲਤ ਮਿਲੇਗੀ ਜੋ ਬੇਇਨਸਾਫੀ ਹੈ। ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਪੀਜੀ ਦੇ ਮਹਿੰਗੇ ਖਰਚੇ ਉੱਪਰ ਨਹੀਂ ਪੜਾ ਸਕਦੇ। ਇਸ ਮੌਕੇ ਵਿਦਿਆਰਥੀਆਂ ਨੂੰ ਏਆਈਐੱਸਐਫ ਵੱਲੋਂ ਵਰਿੰਦਰ, ਪੀਐੱਸਯੂ ਵਲੋਂ ਅਮਨ, ਐੱਸਐੱਫਆਈ ਤੋਂ ਕਮਲ ਝਲੂਰ ਅਤੇ ਪੀਐੱਸਯੂ (ਲਲਕਾਰ) ਤੋਂ ਗੁਰਪ੍ਰੀਤ ਨੇ ਸੰਬੋਧਨ ਕੀਤਾ ਅਤੇ ਸਟੇਜ ਦੀ ਜਿੰਮੇਵਾਰੀ ਪੀਐੱਸਯੂ ਤੋਂ ਅਰਸ਼ ਨੇ ਨਿਭਾਈ।