ਜਲੰਧਰ: ਲੁਧਿਆਣਾ ਵਿੱਚ ਕੂੜੇ ਦੇ ਡੰਪ ਵਾਲੀ ਥਾਂ ’ਤੇ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ ਸੱਤ ਜੀਆਂ ਦੇ ਝੁਲਸ ਕੇ ਮਾਰੇ ਜਾਣ ਦੀ ਘਟਨਾ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨੋਟਿਸ ਲਿਆ ਹੈ। ਐੱਨਜੀਟੀ ਦੇ ਚੇਅਰਪਰਸਨ ਆਦਰਸ਼ ਗੋਇਲ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਨਿਗਰਾਨ ਕਮੇਟੀ ਦੀ ਜ਼ਿੰਮੇਵਾਰੀ ਲਾਈ ਗਈ ਹੈ। ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਮੇਟੀ 26 ਅਪਰੈਲ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਮੁਖੀ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਹੇਠ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਐੱਨਜੀਟੀ ਨੇ ਨਿਗਰਾਨ ਕਮੇਟੀ ਨੂੰ 15 ਦਿਨਾਂ ਵਿੱਚ ਰਿਪੋਰਟ ਈਮੇਲ ਕਰਨ ਲਈ ਕਿਹਾ ਹੈ। -ਨਿੱਜੀ ਪੱਤਰ ਪ੍ਰੇਰਕ