ਆਤਿਸ਼ ਗੁਪਤਾ
ਚੰਡੀਗੜ੍ਹ, 22 ਜੂਨ
ਹਰਿਆਣਾ ਵਿੱਚ 18 ਨਗਰ ਕੌਂਸਲਾਂ ਅਤੇ 28 ਨਗਰ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਅਨੁਸਾਰ ਭਾਜਪਾ-ਜੇਜੇਪੀ ਗੱਠਜੋੜ ਨੇ ਸਭ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਿਲ ਕੀਤੀਆਂ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ 22 ਅਤੇ ਜੇਜੇਪੀ ਨੇ ਤਿੰਨ ਸੀਟਾਂ ’ਤੇ ਜਿੱਤ ਹਾਸਿਲ ਕੀਤੀ ਹੈ ਜਦਕਿ 19 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਹਰਿਆਣਾ ਦੀ ਸੱਤਾ ਵਿੱਚ ਕਾਬਜ਼ ਰਹਿਣ ਵਾਲੀ ਇਨੈਲੋ ਸਿਰਫ਼ ਇਕ ਸੀਟ ’ਤੇ ਸਿਮਟ ਕੇ ਰਹਿ ਗਈ ਹੈ ਜਦਕਿ ਹਰਿਆਣਾ ਦੀਆਂ ਸਥਾਨਕ ਚੋਣਾਂ ’ਚ ਪਹਿਲੀ ਵਾਰ ਹਿੱਸਾ ਲੈਣ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਇਸਮਾਈਲਾਬਾਦ ਨਗਰ ਪੰਚਾਇਤ ਵਿੱਚ ਜਿੱਤ ਹਾਸਿਲ ਕਰਕੇ ਖਾਤਾ ਖੋਲ੍ਹ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੀਆਂ 18 ਨਗਰ ਕੌਂਸਲਾਂ ਵਿੱਚੋਂ ਭਾਜਪਾ ਨੇ 10 ਅਤੇ ਜੇਜੇਪੀ ਨੇ ਇਕ ’ਤੇ ਜਿੱਤ ਹਾਸਿਲ ਕੀਤੀ ਹੈ। ਬਾਕੀ ਸੀਟਾਂ ’ਚੋਂ ਇੱਕ ’ਤੇ ਇਨੈਲੋ ਤੇ 6 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਦੂਜੇ ਪਾਸੇ 28 ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਭਾਜਪਾ ਅਤੇ ਜੇਜੇਪੀ ਗੱਠਜੋੜ ਨੇ 14 ਸੀਟਾਂ ’ਤੇ ਜਿੱਤੀਆਂ ਜਦਕਿ ਆਜ਼ਾਦ ਉਮੀਦਵਾਰਾਂ ਨੇ 13 ਤੇ ‘ਆਪ’ ਨੇ ਇਕ ਸੀਟ ਹਾਸਿਲ ਕੀਤੀ ਹੈ। ਦੱਸਣਯੋਗ ਹੈ ਕਿ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ। ਇਸੇ ਕਰਕੇ ਕਈ ਆਜ਼ਾਦ ਉਮੀਦਵਾਰਾਂ ’ਚ ਕਾਂਗਰਸ ਸਮਰਥਕ ਵੀ ਸ਼ਾਮਲ ਹਨ। ਚੋਣ ਨਤੀਜੇ ਆਉਣ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਲੋਕਾਂ ਨੇ ਭਾਜਪਾ-ਜੇਜੇਪੀ ਗੱਠਜੋੜ ਉੱਤੇ ਭਰੋਸਾ ਜਤਾਇਆ ਹੈ।
‘ਆਪ’ ਵੱਲੋਂ ਪੱਛਮੀ ਜ਼ੋਨ ਦੀਆਂ ਇਕਾਈਆਂ ਭੰਗ
ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੀਆਂ ਨਿਗਮ ਚੋਣਾਂ ਦੇ ਨਤੀਜੇ ਆਉਂਦੇ ਹੀ ਪੱਛਮੀ ਹਰਿਆਣਾ ਜ਼ੋਨ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਹਨ। ਇਹ ਆਦੇਸ਼ ਪਾਰਟੀ ਦੇ ਜਨਰਲ ਸਕੱਤਰ ਪ੍ਰਵੀਨ ਪ੍ਰਭਾਕਰ ਨੇ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪੱਛਮੀ ਜ਼ੋਨ ਦੀਆਂ ਜ਼ਿਲ੍ਹਾ ਤੇ ਵਿਧਾਨ ਸਭਾ ਪੱਧਰ ਦੀਆਂ ਇਕਾਈਆਂ ਨੂੰ ਭੰਗ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਭਵਿੱਖ ਦੀ ਰਣਨੀਤੀ ਨੂੰ ਤਿਆਰ ਕਰਨ ਲਈ ‘ਆਪ’ ਨੇ ਹਰਿਆਣਾ ’ਚ 8 ਨਵੇਂ ਮੀਤ ਪ੍ਰਧਾਨ ਅਤੇ ਹੋਰ ਅਹੁਦੇਦਾਰ ਐਲਾਨੇ ਹਨ। ਪਾਰਟੀ ਨੇ ਬਲਬੀਰ ਸੈਣੀ, ਵਿਜੇਂਦਰ ਕਾਦੀਆਨ, ਵਰਿੰਦਰ ਮਰਾਠਾ, ਰਮੇਸ਼ ਗੁਪਤਾ, ਹਰਪਾਲ ਭੱਟੀ, ਬੰਤਾ ਰਾਮ ਵਾਲਮੀਕਿ, ਬੀਕੇ ਕੌਸ਼ਿਕ ਅਤੇ ਓਮ ਪ੍ਰਕਾਸ਼ ਗੁਪਤਾ ਨੂੰ ਹਰਿਆਣਾ ‘ਆਪ’ ਦਾ ਮੀਤ ਪ੍ਰਧਾਨ ਲਗਾਇਆ ਹੈ।