ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਨਵੰਬਰ
ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 70ਵਿਆਂ ਦੇ ਦਹਾਕੇ ਦੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਅੱਜ ਸਟੇਜ ਤੋਂ ਸਾਰੇ ਸੰਘਰਸ਼ੀਲ ਲੋਕਾਂ ਨੇ ਖੜ੍ਹੇ ਹੋ ਕੇ ਨਾਅਰਿਆਂ ਦੀ ਗੂੰਜ ਵਿਚ ਉਨ੍ਹਾਂ ਦੀ ਦਿੱਤੀ ਹੋਈ ਘਾਲਣਾ ਨੂੰ ਸਿਜਦਾ ਕੀਤਾ ਜਿਸ ਨੂੰ ਮੌਕੇ ਦੀ ਜਾਲਮ ਸਰਕਾਰ ਨੇ ਮਾਨਸਿਕ ਅਤੇ ਸਰੀਰਕ ਤਸੀਹੇ ਦੇ ਕੇ ਸਰੀਰਿਕ ਤੌਰ ’ਤੇ ਸਦਾ ਲਈ ਖੋਹ ਲਿਆ ਸੀ। ਬੁਲਾਰਿਆਂ ਨੇ ਕਿਹਾ ਕਿ ਉਦਾਸੀ ਦਾ ਲੋਕ ਪੱਖੀ ਸਾਹਿਤ ਸਦਾ ਸੂਰਜ ਵਾਂਗ ਮਘਦਾ ਰਹੇਗਾ। ਇਸ ਗੱਲ ਦਾ ਇਤਿਹਾਸ ਗਵਾਹ ਹੈ ਅੱਜ ਤੋਂ ਪੰਜਾਹ ਸਾਲ ਪਹਿਲਾਂ ਲਿਖੇ ਅਤੇ ਗਾਏ ਗਏ ਗੀਤ ਅੱਜ ਦੀਆਂ ਹਾਲਤਾਂ ਨਾਲ ਮੇਲ ਖਾਂਦੇ ਹਨ । ਇਸ ਮੌਕੇ ਲੋਕ ਪੱਖੀ ਜਟਲ ਨਾਟਕ ਕੇਂਦਰ ਰੋਹਤਕ ਵੱਲੋਂ ‘ਸਵੇਰ ਕਦੇ ਤਾਂ ਆਏਗੀ’ ਨਾਟਕ ਖੇਡਿਆ ਗਿਆ। ਅੱਜ ਸਟੇਜ ਤੋ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ 20ਜੀ ਦੇਸ਼ਾਂ ਦੀ 26ਵੀਂ ਕਾਨਫ਼ਰੰਸ ਆਲਮੀ ਤਪਸ਼ ਤੋਂ ਬਚਣ ਲਈ ਕੀਤੀ ਗਈ। ਜਿਸ ਵਿੱਚ ਦੋ ਸੌ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਹੋਏ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੂਲੀਅਤ ਕੀਤੀ । ਪ੍ਰਧਾਨ ਮੰਤਰੀ ਨੇ ਵਾਤਾਵਰਣ ਨੂੰ ਬਚਾਉਣ ਲਈ ਜਲ ਜੰਗਲ ਅਤੇ ਜ਼ਮੀਨ ਦਾ ਜ਼ਮੀਨੀ ਤੌਰ ’ਤੇ ਸੁਧਾਰ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਨੁਮਾਇੰਦਿਆਂ ਅੱਗੇ ਝੂਠ ਨੂੰ ਸੱਚ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦੂਜੇ ਪਾਸੇ ਛੱਤੀਸਗੜ੍ਹ ਅਤੇ ਝਾਰਖੰਡ ਦੇ ਜੰਗਲਾਂ ਵਿਚ ਵੱਸਦੇ ਆਦਿਵਾਸੀ ਲੋਕਾਂ ਦੀਆਂ ਝੁੱਗੀਆਂ ਨੂੰ ਅੱਗਾਂ ਲਾ ਕੇ ਉਥੋਂ ਉਜਾੜਿਆ ਜਾ ਰਿਹਾ ਹੈ। ਇਨ੍ਹਾਂ ਸੂਬਿਆਂ ਦੇ ਪਹਾੜਾਂ ਅਤੇ ਜੰਗਲਾਂ ਵਾਲੀ ਧਰਤੀ ਥੱਲੇ ਬਹੁਤ ਸਾਰੀਆ ਕੀਮਤੀ ਧਾਤਾਂ ਹਨ ਉਨ੍ਹਾਂ ਨੂੰ ਬਹੁਤ ਸਸਤੇ ਰੇਟਾਂ ’ਤੇ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਉਪਜਾਊ ਜ਼ਮੀਨ ਹੈ ਜੋ ਕਿਸਾਨੀ ਕੋਲੋਂ ਖੋਹ ਕੇ ਅਡਾਨੀ ਅਬਾਨੀਆਂ ਦੇ ਹਵਾਲੇ ਕੀਤੀ ਜਾ ਰਹੀ ਹੈ।