ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਮਾਰਚ
ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਭਾਰਤੀ ਫੌਜ ਦੇ ਵਜਰਾ ਕੋਰ ਨਾਲ ਸਬੰਧਤ ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ (ਏੱਡਬਲਯੂਏ) ਵੱਲੋਂ ਖਾਲਸਾ ਕਾਲਜ ਦੇ ਵਿਹੜੇ ਵਿਚ ਇਕ ਪ੍ਰਦਰਸ਼ਨੀ ਲਾਈ ਗਈ, ਜਿਸ ਦਾ ਸਿਰਲੇਖ ‘ਇੰਦਰਧਨੁਸ਼ ਆਕਾਸ਼ ਕੀ ਔਰ’ ਰੱਖਿਆ ਗਿਆ। ਇਸ ਸਮਾਗਮ ਦਾ ਮੁੱਖ ਮੰਤਵ ਫੌਜੀਆਂ ਦੀਆਂ ਪਤਨੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨਾ ਸੀ। ਫੌਜੀ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿਚ ਦੋ ਦਿਨ ਵਾਸਤੇ ਪ੍ਰਦਰਸ਼ਨੀ ਲਾਈ ਗਈ ਹੈ। ਪ੍ਰਦਰਸ਼ਨੀ ਵਿਚ ਫੌਜੀਆਂ ਦੀਆਂ ਪਤਨੀਆਂ ਵਲੋਂ ਬਣਾਈਆਂ ਗਈਆਂ ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਖਰੀਦਿਆ ਵੀ ਜਾ ਸਕਦਾ ਹੈ। ਇਨ੍ਹਾਂ ਵਸਤਾਂ ਵਿਚ ਬੈੱਡ ਸ਼ੀਟ, ਮਾਸਕ, ਨੈਪਕਿਨ, ਦੁੱਪਟੇ, ਸਾੜੀਆਂ, ਲੱਕੜ ਦੀਆਂ ਟਰੇਆਂ, ਮੋਮਬੱਤੀ ਸਟੈਂਡ, ਨੇਮ ਪਲੇਟ, ਮੂਰਤੀਆਂ, ਪੇਂਟਿੰਗ, ਸੂਟਾਂ ’ਤੇ ਕੀਤੀ ਹੋਈ ਫੈਬਰਿਕ ਪੇਂਟਿੰਗ, ਬਲਾਕ ਪ੍ਰਿੰਟਿੰਗ, ਪੇਪਰ ਬੈਗ ਅਤੇ ਦਸਤਕਾਰੀ ਨਾਲ ਸਬੰਧਤ ਹੋਰ ਵਸਤਾਂ ਸ਼ਾਮਲ ਹਨ। ਇਸ ਪ੍ਰਦਰਸ਼ਨੀ ਵਿਚ ਆਮ ਲੋਕਾਂ ਨੂੰ ਵੀ ਸ਼ਾਮਲ ਹੋਣ ਦੀ ਖੁੱਲ੍ਹ ਦਿੱਤੀ ਗਈ।
ਪਠਾਨਕੋਟ (ਪੱਤਰ ਪ੍ਰੇਰਕ): ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਆਰਮੀ ਵਾਈਫਜ਼ ਵੈੱਲਫੇਅਰ ਐਸੋਸੀਏਸ਼ਨ ਨੇ ਪਹਿਲ ਕਰਦੇ ਹੋਏ ਹੱਥੀਂ ਬਣਾਈਆਂ ਹੋਈਆਂ ਵਸਤਾਂ ਦੀ ਪ੍ਰਦਰਸ਼ਨੀ ਨਾਵਲਟੀ ਮਾਲ ਵਿੱਚ ਲਗਾਈ ਗਈ, ਜਿਸ ਦਾ ਉਦਘਾਟਨ 21-ਸਬ ਏਰੀਆ ਸਟੇਸ਼ਨ ਹੈੱਡਕੁਆਰਟਰ ਦੀ ਵੈੱਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਨੇ ਕੀਤਾ।