ਏਲਨਾਬਾਦ (ਜਗਤਾਰ ਸਮਾਲਸਰ): ਪਿਛਲੇ ਤਿੰਨ ਦਿਨ ਲਗਾਤਾਰ ਪਿਆ ਮੀਂਹ ਇੱਥੋਂ ਦੇ ਪਿੰਡ ਅੰਮ੍ਰਿਤਸਰ ਕਲਾਂ ਵਾਸੀ ਪ੍ਰੇਮ ਸਿੰਘ ਲਈ ਮੁਸੀਬਤਾਂ ਦਾ ਪਹਾੜ ਲੈ ਕੇ ਆਇਆ। ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪ੍ਰੇਮ ਸਿੰਘ ਦੇ ਮਕਾਨ ਦੀ ਛੱਤ ਮੀਂਹ ਕਾਰਨ ਡਿੱਗ ਪਈ। ਉਸ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 60 ਸਾਲ ਹੈ ਅਤੇ ਉਹ ਚੱਲਣ-ਫਿਰਨ ਤੋਂ ਵੀ ਅਸਮਰਥ ਹੈ। ਉਸ ਨੇ ਸਰਕਾਰੀ ਮੱਦਦ ਨਾਲ ਇੱਕ ਕਮਰਾ ਬਣਾਇਆ ਸੀ। ਕਮਰੇ ਵਿੱਚ ਉਹ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਅਚਾਨਕ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ ਹੈ। ਜ਼ਿਕਰਯੋਗ ਹੈ ਕਿ ਛੱਤ ਡਿੱਗਣ ਵੇਲੇ ਕੋਈ ਵੀ ਕਮਰੇ ਦੇ ਅੰਦਰ ਨਹੀਂ ਸੀ। ਉਸ ਨੇ ਦੱਸਿਆ ਕਿ ਕਮਰੇ ਵਿੱਚ ਰੱਖਿਆ ਸਾਮਾਨ ਵੀ ਖਰਾਬ ਹੋ ਗਿਆ ਹੈ। ਅਜਿਹੇ ਵਿੱਚ ਬਿਨਾਂ ਛੱਤ ਦੇ ਰਹਿਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਉਸ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।