ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜੁਲਾਈ
ਥਾਣਾ ਮੋਤੀ ਨਗਰ ਦੀ ਪੁਲੀਸ ਵੱਲੋਂ ਸ਼ੇਰਪੁਰ ਕਲਾਂ ਸਥਿਤ ਸਟੀਲ ਸ਼ਟਰਿੰਗ ਕੰਪਨੀ ਦੇ ਦਫ਼ਤਰ ਉੱਪਰ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕਰਕੇ ਨਕਦੀ ਲੁੱਟਣ, ਜਬਰੀ ਕਾਰਾਂ ਅਤੇ ਹੋਰ ਸਮਾਨ ਲਿਜਾਣ ਦੇ ਦੋਸ਼ ਤਹਿਤ 15-16 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਮਾਡਲ ਟਾਊਨ ਐਕਸਟੈਂਸ਼ਨ ਵਾਸੀ ਗੁਰਮਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੀ ਸਟੀਲ ਸ਼ਟਰਿੰਗ ਕੰਪਨੀ ਦੇ ਦਫ਼ਤਰ ਵਿੱਚ ਬੈਠਾ ਹੋਇਆ ਸੀ ਤਾਂ ਕੁਝ ਹਥਿਆਰਬੰਦ ਲੋਕਾਂ ਨੇ ਉਸ ਦੇ ਦਫ਼ਤਰ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਤੇਜ਼ਾਬ ਦੀਆਂ ਬੋਤਲਾਂ ਸੁੱਟੀਆਂ ਅਤੇ ਉਸ ਦੇ ਛੋਟੇ ਭਰਾ ਰਵਿੰਦਰ ਪਾਲ ਸਿੰਘ ਨਾਲ ਬਦਸਲੂਕੀ ਕੀਤੀ।