ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਕੂੜੇ ਦੇ ਪਹਾੜ ਹੋਰ ਵੀ ਫੈਲ ਗਏ ਹਨ ਤੇ ਦਿੱਲੀ ਵਿੱਚ ਭਾਜਪਾ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ਪੁਲੀਸ ਨੇ ਕੂੜੇ ਦੇ ਪਹਾੜ ’ਤੇ ਪਹਿਰਾ ਲਾਇਆ ਹੋਇਆ ਹੈ ਤਾਂ ਜੋ ਲੋਕ ਅੱਗੇ ਜਾ ਕੇ ਉਨ੍ਹਾਂ ਦੀ ਵੀਡੀਓ-ਫੋਟੋ ਨਾ ਲੈ ਸਕਣ। ਜੇਕਰ ਭਾਜਪਾ 15 ਸਾਲਾਂ ਦੀ ਸਰਕਾਰ ਵਿੱਚ ਕੂੜੇ ਦੇ ਪਹਾੜ ਨੂੰ ਖਤਮ ਨਹੀਂ ਕਰ ਸਕੀ ਤਾਂ ਹੁਣ ਕੀ ਕਰ ਸਕੇਗੀ? ਦਿੱਲੀ ਦੇ ਉੱਤਰ ਵਿੱਚ ਭਲਸਵਾ, ਦੱਖਣ ਵਿੱਚ ਓਖਲਾ ਤੇ ਪੂਰਬ ਵਿੱਚ ਗਾਜ਼ੀਪੁਰ ਤੋਂ ਬਾਅਦ ਭਾਜਪਾ ਪੱਛਮ ਵਿੱਚ ਕੂੜੇ ਦਾ ਪਹਾੜ ਬਣਾ ਕੇ ਕੇਜਰੀਵਾਲ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੀ ਹੈ।
ਵਿਧਾਇਕ ਸਹੀਰਾਮ ਨੇ ਕਿਹਾ ਕਿ ਸੰਘਣੀ ਆਬਾਦੀ ਨੇੜੇ ਕੂੜੇ ਦਾ ਪਹਾੜ ਬਣਨ ਕਾਰਨ ਲੋਕਾਂ ਨੂੰ ਕੈਂਸਰ, ਦਮਾ, ਟੀ.ਵੀ. ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ। ਵਿਧਾਇਕ ਕਰਤਾਰ ਸਿੰਘ ਨੇ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਲਗਾਈਆਂ ਗਈਆਂ ਮਸ਼ੀਨਾਂ ਵਿੱਚ ਬਹੁਤ ਭ੍ਰਿਸ਼ਟਾਚਾਰ ਹੈ। ਮਸ਼ੀਨਾਂ ਦੀ ਕੀਮਤ ਤੋਂ ਵੱਧ ਕਿਰਾਇਆ ਦੋ ਸਾਲਾਂ ਦੇ ਅੰਦਰ ਅਦਾ ਕੀਤਾ ਗਿਆ ਹੈ। ‘ਦੇਖੋ ਭਾਜਪਾ ਦਾ ਚਮਤਕਾਰ, ਦੇਖੋ ਕੂੜੇ ਦਾ ਪਹਾੜ’ ਮੁਹਿੰਮ ਦੇ ਦੂਜੇ ਦਿਨ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਓਖਲਾ ਲੈਂਡਫਿਲ ਸਾਈਟ ’ਤੇ ਪਹੁੰਚੇ।
‘ਆਪ’ ਵਿਧਾਇਕ ਸੌਰਭ ਭਾਰਦਵਾਜ ਦੀ ਅਗਵਾਈ ਹੇਠ ਦੱਖਣੀ ਦਿੱਲੀ ਦੇ ਲੋਕਾਂ ਨੇ ਕੂੜੇ ਦਾ ਪਹਾੜ ਦੇਖਿਆ ਪਰ ਗਾਜ਼ੀਪੁਰ ਲੈਂਡਫਿਲ ਵਾਂਗ ਦਿੱਲੀ ਪੁਲੀਸ ਨੇ ਲੋਕਾਂ ਨੂੰ ਓਖਲਾ ਲੈਂਡਫਿਲ ਸਾਈਟ ’ਤੇ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤਾ। ਅਜਿਹੇ ਵਿੱਚ ਲੋਕਾਂ ਨੇ ਭਾਜਪਾ ਸ਼ਾਸਿਤ ਐੱਮਸੀਡੀ ਤੇ ਦਿੱਲੀ ਪੁਲੀਸ ਖਿਲਾਫ ਨਾਅਰੇਬਾਜ਼ੀ ਕੀਤੀ।
ਵਿਧਾਇਕ ਨੇ ਕਿਹਾ ਕਿਹਾ ਕਿ ਹਾਲਾਂਕਿ ਕੂੜੇ ਦਾ ਪਹਾੜ ਲੋਕਾਂ ਨੂੰ ਦੂਰੋਂ ਵੀ ਸਾਫ਼ ਦਿਖਾਈ ਦੇ ਰਿਹਾ ਸੀ। ਇੱਥੇ ਹਜ਼ਾਰਾਂ ਸਾਲ ਪੁਰਾਣਾ ਤੁਗਲਕਾਬਾਦ ਪਿੰਡ ਤੇ ਕੇਂਦਰ ਸਰਕਾਰ ਦਾ ਈਐੱਸਆਈ ਹਸਪਤਾਲ ਵੀ ਹੈ। ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਗਿਆ ਹੈ, ਕੇਂਦਰ ਸਰਕਾਰ ਦੇ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਲੋਕ ਕੂੜੇ ਦੇ ਇਸ ਪਹਾੜ ਕਾਰਨ ਬਿਮਾਰ ਹੋ ਜਾਂਦੇ ਹਨ। ਦੱਖਣੀ ਦਿੱਲੀ ਦੇ ਸਾਰੇ ਲੋਕ ਇਸ ਕੂੜੇ ਦੇ ਪਹਾੜ ਨੂੰ ਦੇਖਣ ਆਏ ਹਨ ਕਿਉਂਕਿ ਕਈ ਸਾਲਾਂ ਤੋਂ ਭਾਜਪਾ ਦੇ ਸੰਸਦ ਮੈਂਬਰ ਝੂਠਾ ਪ੍ਰਚਾਰ ਕਰ ਰਹੇ ਸਨ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ’ਤੇ ਝੂਠ ਬੋਲ ਕੇ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਅਸਲੀਅਤ ਛੁਪਾਉਣ ਦੇ ਦੋਸ਼ ਲਗਾਉਂਦਿਆਂ ਭਾਜਪਾ ਨੂੰ ਝੂਠਿਆਂ ਦੀ ਪਾਰਟੀ ਕਰਾਰ ਦਿੱਤਾ।