ਰਾਜਿੰਦਰ ਕੁਮਾਰ/ਸੁੰਦਰ ਨਾਥ ਆਰੀਆ
ਬੱਲੂਆਣਾ/ਅਬੋਹਰ, 24 ਜੁਲਾਈ
ਪਿੰਡ ਗੋਬਿੰਦਗੜ੍ਹ-ਕੁੰਡਲ ਵਿਚਕਾਰ ਪ੍ਰਾਈਵੇਟ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਜਦਕਿ 12 ਜਣੇ ਫੱਟੜ ਹੋ ਗਏ। ਫੱਟੜਾਂ ਨੂੰ ਇਲਾਜ ਲਈ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਰਾਜ ਟਰਾਂਸਪੋਰਟ ਕੰਪਨੀ ਦੀ ਬੱਸ ਅੰਮ੍ਰਿਤਸਰ ਤੋਂ ਅਬੋਹਰ ਆ ਰਹੀ ਸੀ ਕਿ ਪਿੰਡ ਗੋਬਿੰਦਗੜ੍ਹ-ਕੁੰਡਲ ਵਿਚਾਲੇ ਬੱਸ ਬੇਕਾਬੂ ਹੋ ਕੇ ਦਰੱਖਤ ਵਿੱਚ ਜਾ ਵੱਜੀ। ਬੱਸ ਵਿੱਚ ਬੈਠੇ ਹਰਨਾਮ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਬੱਸ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਅਤੇ ਫਰਾਰ ਹੋ ਗਿਆ। ਬੱਸ ਕੰਡਕਟਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸ ਦਾ ਕੁਟਾਪਾ ਚਾੜ੍ਹਿਆ। ਆਲੇ-ਦੁਆਲੇ ਦੇ ਲੋਕਾਂ ਨੇ ਬੱਸ ਵਿੱਚੋਂ ਫੱਟੜ ਲੋਕਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ।
ਡਾਕਟਰਾਂ ਨੇ ਗੰਭੀਰ ਫੱਟੜ ਹੋਏ ਜਸਵਿੰਦਰ ਕੌਰ, ਸਤੀਸ਼ ਕੁਮਾਰ, ਕਰਮਜੀਤ ਕੌਰ ਤੇ ਹਰਵੰਤ ਸਿੰਘ ਨੂੰ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣਾ ਮੁਖੀ ਅਤੇ ਡੀਐੱਸਪੀ ਅਵਤਾਰ ਸਿੰਘ ਵੀ ਮੌਕੇ ’ਤੇ ਪੁੱਜ ਗਏ।