ਵਾਸ਼ਿੰਗਟਨ, 6 ਦਸੰਬਰ
ਸੈਂਕੜੇ ਅਮਰੀਕੀ ਸਿੱਖਾਂ ਨੇ ਅੱਜ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਭਾਰਤੀ ਕਿਸਾਨਾਂ ਦੇ ਹੱਕ ’ਚ ਸ਼ਾਂਤੀਪੂਰਨ ਰੋਸ ਰੈਲੀਆਂ ਕੀਤੀਆਂ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਕਾਰਾਂ ਦੇ ਕਾਫ਼ਲੇ ਨੇ ਬੇਅ ਬ੍ਰਿਜ ਉਤੇ ਟਰੈਫਿਕ ਜਾਮ ਕਰ ਦਿੱਤੀ। ਕਾਫ਼ਲਾ ਸਾਂ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਵੱਲ ਵੱਧ ਰਿਹਾ ਸੀ। ਇਸ ਤੋਂ ਇਲਾਵਾ ਡਾਊਨਟਾਊਨ ਇੰਡੀਆਨਾਪੋਲਿਸ ਵਿਚ ਵੀ ਸੈਂਕੜੇ ਲੋਕ ਇਕੱਤਰ ਹੋਏ। ਦੋਵਾਂ ਥਾਵਾਂ ਉਤੇ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਨਵੇਂ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਭਾਰਤੀ ਕਿਸਾਨਾਂ ਨੂੰ ਗਰੀਬੀ ਵੱਲ ਧੱਕ ਦੇਣਗੇ ਤੇ ਕਾਰਪੋਰੇਟ ਸੈਕਟਰ ਦੀ ਅਜ਼ਾਰੇਦਾਰੀ ਕਾਇਮ ਹੋ ਜਾਵੇਗੀ। ਇੰਡੀਆਨਾ ਅਧਾਰਿਤ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੂਹ ਹਨ। ਰੂਹ ਦੀ ਰਾਖ਼ੀ ਕਰਨੀ ਬਣਦੀ ਹੈ। ਅਮਰੀਕਾ ਤੇ ਕੈਨੇਡਾ ਸਣੇ ਪੂਰੀ ਦੁਨੀਆ ਦੇ ਲੋਕ ਕਈ ਸ਼ਹਿਰਾਂ ਵਿਚ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਕੱਠੇ ਹੋਏ ਹਨ ਜੋ ਕਿ ਭਾਰਤੀ ਖੇਤੀਬਾੜੀ ਬਾਜ਼ਾਰ ਨੂੰ ਪ੍ਰਾਈਵੇਟ ਸੈਕਟਰ ਲਈ ਖੋਲ੍ਹਣ ਦਾ ਰਾਹ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੇ ਕਾਰਪੋਰੇਟ ਅਦਾਰੇ ਖ਼ੁਦਮੁਖਤਿਆਰ ਖੇਤੀ ਸਮੂਹਾਂ ਉਤੇ ਕਾਬਜ਼ ਹੋਣ ਜਾਣਗੇ ਤੇ ਫ਼ਸਲ ਦੀ ਮਾਰਕੀਟ ਕੀਮਤ ਘੱਟਦੀ ਜਾਵੇਗੀ। ਇੰਡੀਆਨਾ ਵਿਚ ਹੋਈ ਰੈਲੀ ਵਿਚ ਕਰੀਬ 500 ਅਮਰੀਕੀ ਸਿੱਖਾਂ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਅਮਰੀਕੀ ਸਿੱਖ ਸ਼ਿਕਾਗੋ ਵਿਚ ਵੀ ਇਕੱਤਰ ਹੋਏ ਹਨ। ਵਾਸ਼ਿੰਗਟਨ ਡੀਸੀ ਵਿਚ ਭਾਰਤੀ ਦੂਤਾਵਾਸ ਅੱਗੇ ਰੋਸ ਰੈਲੀ ਵੀ ਕੀਤੀ ਗਈ। ਇਕ ਹੋਰ ਰੋਸ ਰੈਲੀ ਅੱਜ ਕੀਤੀ ਗਈ। ਇੰਡੀਆਨਾ ’ਚ ਅਮਨਦੀਪ ਸਿੰਘ ਹੁੰਦਲ ਨੇ ਕਿਹਾ ਕਿ ਇਹ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਹੈ ਤੇ ਭਾਰਤ ਸਰਕਾਰ ਨੂੰ ਬੁਲੰਦ ਤੇ ਸਪੱਸ਼ਟ ਸੁਨੇਹਾ ਦਿੱਤਾ ਜਾ ਰਿਹਾ ਹੈ। ਇਕ ਹੋਰ ਸਿੱਖ ਆਗੂ ਦਰਸ਼ਨ ਸਿੰਘ ਦਰਾਰ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਲਈ ਭਾਰਤ ਸਰਕਾਰ ਨੂੰ ਬੇਨਤੀ ਨਹੀਂ, ਬਲਕਿ ਮੰਗ ਕੀਤੀ ਜਾ ਰਹੀ ਹੈ। ਬੇਅ ਏਰੀਆ ਵਿਚ ਕੀਤੇ ਗਏ ਰੋਸ ਮੁਜ਼ਾਹਰੇ ਦੀ ਅਗਵਾਈ ‘ਜੈਕਾਰਾ ਮੂਵਮੈਂਟ’ ਨੇ ਕੀਤੀ। ਨਿਊ ਯਾਰਕ, ਹਿਊਸਟਨ, ਮਿਸ਼ੀਗਨ ਵਿਚ ਵੀ ਰੋਸ ਪ੍ਰਗਟਾਏ ਜਾਣ ਦੀ ਸੂਚਨਾ ਹੈ। ਇਕੱਠਾਂ ਵਿਚ ਜੁੜੇ ਲੋਕਾਂ ਨੇ ਕਿਹਾ ਕਿ ਖੇਤੀਬਾੜੀ ਤੋਂ ਬਿਨਾਂ ਪੰਜਾਬ ਦੇ ਲੱਖਾਂ ਲੋਕਾਂ ਕੋਲ ਹੋਰ ਕੋਈ ਰੁਜ਼ਗਾਰ ਨਹੀਂ ਹੈ, ਕਈ ਪੀੜ੍ਹੀਆਂ ਆਮਦਨ ਲਈ ਇਸੇ ਕਿੱਤੇ ’ਤੇ ਨਿਰਭਰ ਰਹੀਆਂ ਹਨ। -ਪੀਟੀਆਈ