ਨਵਕਿਰਨ ਸਿੰਘ
ਮਹਿਲ ਕਲਾਂ, 25 ਮਾਰਚ
ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਨੂੰ ਕਰੋਨਾ ਇਲਾਜ਼ ਕੇਂਦਰ ਬਨਾਉਣ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ ਤੇ ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਸੀਐੱਚਸੀ ਨੂੰ ਕੋਵਿਡ ਕੇਅਰ ਕੇਂਦਰ ਬਨਾਉਣ ਨਾਲ ਇੱਥੇ ਆਮ ਬਿਮਾਰੀਆਂ ਦੇ ਮਰੀਜ਼ਾਂ ਲਈ ਚੱਲ ਰਹੀ ਓਪੀਡੀ ਬੰਦ ਕਰ ਦਿੱਤੀ ਜਾਵੇਗੀ ਜਿਸ ਨਾਲ ਇਸ ਖੇਤਰ ਦੇ ਹਜ਼ਾਰਾਂ ਲੋਕ ਇਲਾਜ਼ ਤੋਂ ਬਾਂਝੇ ਹੋ ਜਾਣਗੇ। ਇਲਾਕੇ ਦੇ ਮੋਹਤਬਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੋਵਿਡ ਕੇਅਰ ਕੇਂਦਰ ਲਈ ਕੋਈ ਹੋਰ ਇਮਾਰਤ/ਸੰਸਥਾ ਵਰਤੀ ਜਾ ਸਕਦੀ ਹੈ ਜਿਸ ਲਈ ਉਹ ਸਹਿਯੋਗ ਦੇਣ ਨੂੰ ਵੀ ਤਿਆਰ ਹਨ ਪਰ ਹਸਪਤਾਲ ਆਮ ਮਰੀਜ਼ਾਂ ਲਈ ਖੁੱਲ੍ਹਾ ਰਹਿਣਾ ਚਾਹੀਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਮੇਲ ਸਿੰਘ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਢਾਡੀ ਪਰਮਜੀਤ ਸਿੰਘ ਪੰਮਾ, ਮੰਗਤ ਸਿੰਘ ਸਿੱਧੂ, ਅਮਰਜੀਤ ਸਿੰਘ,ਦਰਸ਼ਨ ਸਿੰਘ ਫੌਜੀ, ਨੰਬਰਦਾਰ ਨਛੱਤਰ ਸਿੰਘ, ਮਾਸਟਰ ਦਰਸ਼ਨ ਸਿੰਘ ਮਹਿਲ ਕਲਾਂ, ਬਲੌਰ ਸਿੰਘ ਮਹਿਲ ਕਲਾਂ, ਅਜਮੇਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਸਾਲ ਪ੍ਰਸ਼ਾਸਨ ਵੱਲੋਂ ਸੀਐੱਚਸੀ ਮਹਿਲ ਕਲਾਂ ਨੂੰ ਕਰੋਨਾ ਕੇਅਰ ਕੇਂਦਰ ਬਣਾ ਦਿੱਤਾ ਸੀ ਤੇ ਆਮ ਇਲਾਜ਼ ਦੀ ਓਪੀਡੀ ਬੰਦ ਕਰ ਦਿੱਤੀ ਗਈ ਸੀ ਜਿਸ ਕਾਰਨ ਆਮ ਮਰੀਜ਼ਾਂ ਨੂੰ ਕਾਫੀ ਖੱਜ਼ਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਾਰਨ ਉਹ ਇਸ ਵਾਰ ਧਰਨਾ ਦੇ ਰਹੇ ਹਨ ਕਿ ਇਸ ਹਸਪਤਾਲ ਨੂੰ ਆਮ ਮਰੀਜ਼ਾਂ ਲਈ ਬੰਦ ਨਾ ਕੀਤਾ ਜਾਵੇ। ਉਨ੍ਹਾਂ ਦਲੀਲ ਦਿੱਤੀ ਕਿ ਨੇੜੇ ਹੋਰ ਕੋਈ ਹਸਪਤਾਲ ਨਹੀਂ ਹੈ ਜਿਸ ਕਾਰਨ ਇਸ ਵੱਡੇ ਪੇਂਡੂ ਖੇਤਰ ਲਈ ਸਿਰਫ ਇਹੋ ਸੀਐੱਚਸੀ ਇੱਕ ਇਲਾਜ ਦਾ ਸਾਧਨ ਹੈ।
ਇਸ ਮੌਕੇ ਸੀਐੱਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ ਸੂਦ ਨੇ ਧਰਨੇ ਵਿੱਚ ਪੁੱਜ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀਆਂ ਦੀ ਮੰਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।