ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਦਸੰਬਰ
ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਗੁਰਮਤਿ ਸੰਗੀਤ ਸੰਮੇਲਨ ਦੇ ਸੰਪੂਰਨਤਾ ਸਮਾਗਮ ਮੌਕੇ ਸੰਬੋਧਨ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਗੀ ਜਥਿਆਂ ਨੂੰ ਫਿਲਮੀ ਤਰਜ਼ਾਂ ਦੀ ਜਗ੍ਹਾ ਨਿਰਧਾਰਤ ਰਾਗਾਂ ਵਿੱਚ ਹੀ ਕੀਰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਗੁਰਬਾਣੀ ਕੀਰਤਨ ਸ਼ੈਲੀ ਦਾ ਪ੍ਰਚਲਨ ਬਦਲਿਆ ਹੋਇਆ ਹੈ। ਰਾਗੀ ਜਥਿਆਂ ਵੱਲੋਂ ਫਿਲਮੀ ਤਰਜ਼ਾਂ ’ਤੇ ਕੀਰਤਨ ਕੀਤਾ ਜਾ ਰਿਹਾ ਹੈ ਜਦਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਰਚਨਾ ਰਾਗਾਂ ਵਿਚ ਕੀਤੀ ਅਤੇ ਇਸ ਨੂੰ ਰਾਗਾਂ ਅਨੁਸਾਰ ਹੀ ਗਾਇਨ ਕਰਨ ਦੀ ਹਦਾਇਤ ਕੀਤੀ ਹੈ। ਇਸ ਦੌਰਾਨ ਗਿਆਨੀ ਰਣਜੀਤ ਸਿੰਘ ਗਹੌਰ, ਪ੍ਰੋ. ਰਵੇਲ ਸਿੰਘ, ਭਾਈ ਹਰਜੋਤ ਸਿੰਘ ਜ਼ਖਮੀ ਤੇ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਕੀਰਤਨ ਅਤੇ ਭਾਈ ਪਿੰਦਰਪਾਲ ਸਿੰਘ ਨੇ ਕਥਾ ਕੀਤੀ।