ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਜੂਨ
ਪਿਛਲੇ ਸਾਢੇ ਤਿੰਨ ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ (ਸਾਪਾ) ਦੇ ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਰੋਸ ਪੱਤਰ ਸੌਂਪਿਆ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਆਤਮਾ ਵਿੰਗ ਦੇ 432 ਮੁਲਾਜ਼ਮ ਲਗਪਗ ਚਾਰ ਮਹੀਨੇ ਦੇ ਕਰੀਬ ਸਮਾਂ ਬੀਤਣ ਤੋਂ ਬਾਅਦ ਵੀ ਬਿਨਾਂ ਤਨਖਾਹ ਦੇ ਨਿਰਵਿਘਨ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇ ਅੱਜ ਸ਼ਾਮ ਤੱਕ ਤਨਖਾਹ ਦੀ ਅਦਾਇਗੀ ਨਾ ਹੋਈ ਤਾ ਸਾਪਾ ਯੂਨੀਅਨ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਮਾਨ ਦੇ ਫੈਸਲੇ ਅਨੁਸਾਰ ਕੱਲ੍ਹ ਤੋਂ ਸਮੂਹ ਸਟਾਫ ਆਪੋ ਆਪਣੇ ਜ਼ਿਲ੍ਹਾ ਹੈਡਕੁਆਟਰਾਂ ਤੇ ਕਲਮ ਛੋੜ ਹੜਤਾਲ ’ਤੇ ਬੈਠੇਗਾ। ਉਨ੍ਹਾਂ ਕਿਹਾ ਕਿ ਜੇ ਤਨਖਾਹ ਦੀ ਅਦਾਇਗੀ ਨਾ ਹੋਈ ਤਾਂ 27 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿੱਚ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਅਤੇ ਨਾਲ ਹੀ ਮਰਨ ਵਰਤ ਜਾਰੀ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਚੀਮਾ ਏ ਟੀ ਐਮ ਕਰਮਜੀਤ ਸਿੰਘ , ਜਸਵੀਰ ਸਿੰਘ, ਅਮਨਦੀਪ ਸਿੰਘ ਏਟੀਐੱਮ ਮੌਜੂਦ ਸਨ।
ਕੱਚੇ ਕਾਮਿਆਂ ਵੱਲੋਂ ਮੁੱਖ ਮੰਤਰੀ ਤੇ ਓਐੱਸਡੀ ਨੂੰ ਮੰਗ-ਪੱਤਰ
ਲਹਿਰਾਗਾਗਾ (ਪੱਤਰ ਪ੍ਰੇਰਕ): ਜੰਗਲਾਤ ਵਿਭਾਗ ਪੰਜਾਬ ਵਿੱਚ ਪਿਛਲੇ ਵੀਹ ਵੀਹ ਸਾਲਾਂ ਤੋਂ ਲਗਾਤਾਰ ਮਸਟਰੋਲ ’ਤੇ ਕੰਮ ਕਰਦੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੇ ਆਗੂ ਸਾਊਥ ਸਰਕਲ ਦੇ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਅਤੇ ਵਣ ਮੰਡਲ ਪਟਿਆਲਾ ਦੇ ਪ੍ਰਧਾਨ ਵੀਰਪਾਲ ਸਿੰਘ ਬੰਮਣਾ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਲਹਿਰਾਗਾਗਾ ਅਤੇ ਸਕੱਤਰ ਸਤਨਾਮ ਸਿੰਘ ਅਤੇ ਜਗਜੀਵਨ ਸਿੰਘ ਘਾਬਦਾਂ ਨੇ ਮੁੱਖ ਮੰਤਰੀ ਓਐੱਸਡੀ ਸੁਖਵੀਰ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਦੀ ਸਾਰੀ ਗੱਲ ਧਿਆਨ ਨਾਲ ਸੁਣਨ ਉਪਰੰਤ ਓਐੱਸਡੀ ਨੇ ਭਰੋਸਾ ਦਿੱਤਾ ਕਿ ਸਾਰੇ ਕੱਚੇ ਕਾਮਿਆਂ ਨੂੰ ਸਰਕਾਰ ਵੱਲੋਂ ਰੈਗੂਲਰ ਕੀਤਾ ਜਾਵੇਗਾ।