ਮੁਕੇਸ਼ ਕੁਮਾਰ
ਚੰਡੀਗੜ੍ਹ, 7 ਮਾਰਚ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਮਾਰਗ ਦੇ ਵਸੇ ਪਿੰਡ ਹੱਲੋਮਾਜਰਾ ਵਿੱਚ ਉਸ ਵੇਲੇ ਦਹਿਸ਼ਤ ਫੇਲ ਗਈ ਜਦੋਂ ਉੱਥੇ ਇੱਕ ਹੋਟਲ ਵਿੱਚ ਰਸੋਈ ਗੈਸ ਦੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਬਲਾਸਟ ਹੋ ਗਿਆ। ਰਾਹਤ ਦੀ ਗੱਲ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਹੋਟਲ ਵਿੱਚ ਕਈ ਲੋਕ ਠਹਿਰੇ ਹੋਏ ਸਨ। ਹੋਟਲ ਵਿੱਚ ਅੱਗ ਲਗਨ ਦੀ ਸੂਚਨਾ ਮਿਲਣ ’ਤੇ ਅੱਗ ਬੁਝਾਊ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਹੋਟਲ ਦੀ ਰਸੋਈ ਵਿੱਚ ਰੱਖੇ ਗੈਸ ਸਿਲੰਡਰ ਵਿੱਚ ਧਮਾਕਾ ਹੋਣ ਤੋਂ ਬਾਅਦ ਉੱਥੇ ਅੱਗ ਲੱਗ ਗਈ। ਹੋਟਲ ਦੇ ਕਮਰਿਆਂ ਵਿੱਚ ਲੋਕ ਪਰਿਵਾਰਾਂ ਸਣੇ ਠਹਿਰੇ ਹੋਏ ਸਨ, ਜਿਨ੍ਹਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅੱਗ ਲੱਗਣ ਦੀ ਘਟਨਾ ਬਾਰੇ ਸੂਚਨਾ ਮਿਲਣ ’ਤੇ ਸਬੰਧਤ ਥਾਣੇ ਦੀ ਪੁਲੀਸ ਵੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ।
ਫਾਇਰ ਬ੍ਰਿਗੇਡ ਨੂੰ ਲੰਘੀ ਦੇਰ ਰਾਤ ਲਗਪਗ 12.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਰਾਮ ਦਰਬਾਰ ਫਾਇਰ ਸਟੇਸ਼ਨ ਤੋਂ ਇੱਕ ਫਾਇਰ ਟੈਂਡਰ ਮੌਕੇ ਉੱਤੇ ਭੇਜਿਆ ਗਿਆ, ਜਿਸ ਨੇ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਅਨੁਸਾਰ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਲੱਗਦਾ ਹੈ। ਗੈਸ ਸਿਲੰਡਰ ਦੇ ਫਟਣ ਨਾਲ ਹੋਏ ਜ਼ੋਰਦਾਰ ਧਮਾਕੇ ਕਾਰਨ ਆਸ-ਪਾਸ ਅਤੇ ਹੋਟਲ ਵਿੱਚ ਠਹਿਰੇ ਲੋਕ ਡਰ ਗਏ।
ਹੋਟਲ ਵਿੱਚ ਠਹਿਰੇ ਲੋਕਾਂ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਹੋਟਲ ਤੋਂ ਬਾਹਰ ਵੱਲ ਨੂੰ ਭੱਜ ਲਏ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਵੀ ਅੱਗ ਲੱਗਣ ਤੋਂ ਬਾਅਦ ਹੋਟਲ ਦੇ ਕਮਰਿਆਂ ਵਿੱਚ ਠਹਿਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਵੀ ਜ਼ਾਇਜਾ ਲਿਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗ ਸਕੇਗਾ। ਫਾਇਰ ਬ੍ਰਿਗੇਡ ਅਤੇ ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।