ਨਵੀਂ ਦਿੱਲੀ:
ਤਬਲੀਗ਼ੀ ਜਮਾਤ ਦੇ ਆਗੂ ਮੌਲਾਨਾ ਸਾਦ ਖ਼ਿਲਾਫ਼ ਦਰਜ ਕੇਸ ਦੀ ਜਾਂਚ ਪੁਲੀਸ ਤੋਂ ਐਨਆਈਏ ਕੋਲ ਤਬਦੀਲ ਕਰਨ ਬਾਰੇ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੌਲਾਨਾ ਖ਼ਿਲਾਫ਼ ਮਾਰਚ ਵਿਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਉਤੇ ਕੋਵਿਡ ਨਾਲ ਜੁੜੀਆਂ ਹਦਾਇਤਾਂ ਦੀ ਉਲੰਘਣਾ ਕਰ ਕੇ ਵੱਡਾ ਇਕੱਠ ਕਰਨ ਦਾ ਦੋਸ਼ ਲਾਇਆ ਗਿਆ ਸੀ। ਜਸਟਿਸ ਸਿਧਾਰਥ ਮ੍ਰਿਦੁਲ ਤੇ ਤਲਵੰਤ ਸਿੰਘ ਦੇ ਬੈਂਚ ਨੇ ਪਟੀਸ਼ਨਕਰਤਾ ਨੂੰ ਸੁਪਰੀਮ ਕੋਰਟ ਜਾਣ ਦੀ ਖੁੱਲ੍ਹ ਦੇ ਦਿੱਤੀ ਹੈ। ਮੁੰਬਈ ਅਧਾਰਿਤ ਵਕੀਲ ਘਣਸ਼ਿਆਮ ਉਪਾਧਿਆਏ ਨੇ ਪਟੀਸ਼ਨ ਵਿਚ ਮੰਗ ਕੀਤੀ ਸੀ ਕਿ ਐਨਆਈਏ ਨੂੰ ਮਾਮਲੇ ਦੀ ਜਾਂਚ ਸਮਾਂਬੱਧ ਤਰੀਕੇ ਨਾਲ ਕਰਨ ਲਈ ਕਿਹਾ ਜਾਵੇ ਤੇ ਜਾਂਚ ਦੀ ਨਿਗਰਾਨੀ ਹਾਈ ਕੋਰਟ ਵੱਲੋਂ ਕੀਤੀ ਜਾਵੇ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਸੀ ਕਿ ਦਿੱਲੀ ਪੁਲੀਸ ਕਾਫ਼ੀ ਸਮਾਂ ਮਿਲਣ ਦੇ ਬਾਵਜੂਦ ਵੀ ਆਗੂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹੀ ਹੈ।
-ਪੀਟੀਆਈ