ਗੁਹਾਟੀ, 13 ਦਸੰਬਰ
ਭਾਜਪਾ ਨੇ ਅੱਜ ਅਸਾਮ ਵਿਚ ਆਪਣੇ ਇਕ ਗੱਠਜੋੜ ਸਹਿਯੋਗੀ ਬੀਪੀਐੱਫ ਦਾ ਪੱਲਾ ਛੱਡ ਦਿੱਤਾ ਹੈ। ਭਾਜਪਾ ਨੇ ਬੋਡੋਲੈਂਡ ਖੇਤਰੀ ਕੌਂਸਲ (ਬੀਟੀਸੀ) ਦੀ ਸੱਤਾ ਸੰਭਾਲਣ ਲਈ ਬਹੁਮੱਤ ਹਾਸਲ ਕਰਨ ਲਈ ਨਵਾਂ ਸਹਿਯੋਗੀ ਚੁਣ ਲਿਆ ਹੈ। ‘ਬੀਟੀਸੀ’ ਖ਼ੁਦਮੁਖਤਿਆਰ ਕੌਂਸਲ ਹੈ ਜੋ ਕਿ ਰਾਜ ਦੇ ਬੋਡੋ ਬਹੁਗਿਣਤੀ ਵਾਲੇ ਇਲਾਕਿਆਂ ਦਾ ਸ਼ਾਸਨ ਸੰਭਾਲਦੀ ਹੈ। ਬੋਡੋਲੈਂਡ ਪੀਪਲਜ਼ ਫਰੰਟ (ਬੀਪੀਐਫ) ਦੇ ਰਾਜ ਦੀ ਸਰਬਨੰਦਾ ਸੋਨੋਵਾਲ ਸਰਕਾਰ ਵਿਚ ਤਿੰਨ ਮੰਤਰੀ ਹਨ। ਬੀਟੀਸੀ ਚੋਣਾਂ ਵਿਚ ਇਸ ਨੇ ਸਭ ਤੋਂ ਵੱਧ 17 ਸੀਟਾਂ (40 ਮੈਂਬਰੀ ਸੰਗਠਨ) ਜਿੱਤੀਆਂ ਹਨ। ਬੀਪੀਐਫ ਦੇ ਪ੍ਰਧਾਨ ਹਗਰਾਮ ਮੋਹਿਲਰੀ ਨੇ ਕਿਹਾ ਕਿ ਪਾਰਟੀ ਨੇ ਵਾਰ-ਵਾਰ ਭਾਜਪਾ ਨੂੰ ਗੱਠਜੋੜ ਦੇ ਨੇਮ ਮੰਨਣ ਲਈ ਅਪੀਲ ਕੀਤੀ ਤੇ ਬੀਟੀਸੀ ਵਿਚ ‘ਸਰਕਾਰ’ ਬਣਾਉਣ ਲਈ ਵੀ ਕਿਹਾ, ਪਰ ਭਾਜਪਾ ਨੇ ਬੇਨਤੀ ਨਜ਼ਰਅੰਦਾਜ਼ ਕਰ ਦਿੱਤੀ। ਇਸ ਤੋਂ ਇਲਾਵਾ ਯੂਨਾਈਟਿਡ ਪੀਪਲਜ਼ ਪਾਰਟੀ ਲਬਿਰਲ (ਯੂਪੀਪੀਐਲ) ਨੇ 12 ਸੀਟਾਂ, ਭਾਜਪਾ ਨੇ ਨੌਂ ਸੀਟਾਂ ਜਿੱਤੀਆਂ ਹਨ। ਕਾਂਗਰਸ ਤੇ ਗਣ ਸੁਰੱਕਸ਼ਾ ਪ੍ਰੀਸ਼ਦ ਨੂੰ ਇਕ ਸੀਟ ਮਿਲੀ ਹੈ। ਭਾਜਪਾ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਯੂਪੀਪੀਐਲ ਨੂੰ 12 ਸੀਟਾਂ ਜਿੱਤਣ ਉਤੇ ਵਧਾਈ ਦੇਣ ਤੇ ਟਵੀਟ ਵਿਚ ਸਹਿਯੋਗੀ ਕਹਿਣ ਉਤੇ ਮੁੱਖ ਮੰਤਰੀ ਸੋਨੋਵਾਲ ਨੇ ਐਲਾਨ ਕੀਤਾ ਕਿ ਯੂਪੀਪੀਐਲ ਮੁਖੀ ਪ੍ਰਮੋਦ ਬੋਰੋ ਬੀਟੀਸੀ ਦੇ ਨਵੇਂ ਮੁੱਖ ਕਾਰਜਕਾਰੀ ਮੈਂਬਰ ਹੋਣਗੇ। ਬੋਡੋ ਬਹੁਗਿਣਤੀ ਖੇਤਰਾਂ ਵਿਚ ਬੀਪੀਐਫ ਤੇ ਯੂਪੀਪੀਐਲ ਨੂੰ ਬਰਾਬਰ ਦੇ ਵਿਰੋਧੀ ਮੰਨਿਆ ਜਾਂਦਾ ਹੈ। ਚੋਣਾਂ ਤੋਂ ਪਹਿਲਾਂ ਬਾਕੀ ਪਾਰਟੀਆਂ ਵਿਚ ਕੋਈ ਗੱਠਜੋੜ ਨਹੀਂ ਬਣਿਆ ਸੀ। ਜ਼ਿਕਰਯੋਗ ਹੈ ਕਿ ਭਾਜਪਾ ਤੇ ਬੀਪੀਐਫ ਨੇ ਏਜੀਪੀ ਨਾਲ ਰਲ ਕੇ 2016 ਦੀਆਂ ਸੂਬਾਈ ਚੋਣਾਂ ਲੜੀਆਂ ਸਨ ਤੇ ਬੀਪੀਐਫ ਨੇ 12 ਸੀਟਾਂ ਉਤੇ ਚੋਣ ਲੜ ਕੇ ਸਾਰੀਆਂ ਜਿੱਤੀਆਂ ਸਨ। -ਪੀਟੀਆਈ