ਨਿੱਜੀ ਪੱਤਰ ਪ੍ਰੇਰਕ
ਧੂਰੀ, 13 ਦਸੰਬਰ
ਪ੍ਰੀਤ ਟਰੈਕਟਰ ਅਤੇ ਕੰਬਾਈਨ ਗਰੁੱਪ ਦੀ ਮੈਨੇਜਮੈਂਟ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਦਿੱਲੀ ਆਉਣ-ਜਾਣ ਵਾਲੇ ਲੋਕਾਂ ਲਈ ਦੋ ਮੁਫ਼ਤ ਬੱਸਾਂ ਚਲਾਈਆਂ ਗਈਆਂ ਹਨ। ਇਸ ਸਬੰਧੀ ਅਕਾਲੀ ਆਗੂ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ-ਮੁਹਾਰੇ ਕਿਸਾਨੀ ਸੰਘਰਸ਼ ਨਾਲ ਜੁੜਦੇ ਜਾ ਰਹੇ ਹਨ, ਪਰ ਸਾਧਨਾਂ ਦੀ ਘਾਟ ਕਾਰਨ ਕਈ ਲੋਕ ਦਿੱਲੀ ਨਹੀਂ ਜਾ ਸਕਦੇ। ਇਸ ਦੇ ਮੱਦੇਨਜ਼ਰ ਪ੍ਰੀਤ ਗਰੁੱਪ ਦੀ ਮੈਨੇਜਮੈਂਟ ਨੇ ਫ਼ੈਸਲਾ ਕੀਤਾ ਹੈ ਕਿ ਮੰਗਲਵਾਰ ਤੋਂ ਰੋਜ਼ਾਨਾ ਸਵੇਰੇ 9 ਵਜੇ ਉਨ੍ਹਾਂ ਦੇ ਧੂਰੀ ਦਫ਼ਤਰ ਅਨਾਜ ਮੰਡੀ ਤੋਂ ਇੱਕ ਬੱਸ ਦਿੱਲੀ ਲਈ ਰਵਾਨਾ ਹੋਇਆ ਕਰੇਗੀ ਅਤੇ ਇਸ ਦੇ ਨਾਲ ਹੀ ਹਰ ਰੋਜ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਬਣੇ ਪਕੌੜਾ ਚੌਕ ਤੋਂ ਰੋਜ਼ਾਨਾ ਦੁਪਹਿਰ 12 ਵਜੇ ਇੱਕ ਬੱਸ ਧੂਰੀ ਆਇਆ ਕਰੇਗੀ।