ਚਰਨਜੀਤ ਭੁੱਲਰ
ਚੰਡੀਗੜ੍ਹ, 14 ਦਸੰਬਰ
‘ਦਿੱਲੀ ਮੋਰਚੇ’ ਦਾ ਇਹ ਧੰਨਭਾਗ ਸਮਝੋ ਜਿਸ ਨੇ ਪੰਜਾਬ ਦੇ ਭਾਊ ਤੇ ਹਰਿਆਣਾ ਦੇ ਤਾਊ ਦੀ ਜੱਫੀ ਪਵਾ ਦਿੱਤੀ ਹੈ। ਕਿਸਾਨ ਅੰਦੋਲਨ ਨੇ ਨਵੇਂ ਦ੍ਰਿਸ਼ ਸਿਰਜੇ ਹਨ। ਕੋਈ ਭਾਊ ਆਟਾ ਗੁੰਨ ਰਿਹਾ ਹੁੰਦਾ ਹੈ ਤਾਂ ਤਾਊ ਸਬਜ਼ੀ ਬਣਾ ਰਿਹਾ ਹੁੰਦਾ ਹੈ। ਇੱਕੋਂ ਟਰਾਲੀ ’ਚ ਮਾਝੇ ਦੇ ਭਾਊ ਵੀ ਸੌਂਦੇ ਹਨ ਤੇ ਤਾਊ ਵੀ ਪੈਂਦੇ ਹਨ। ਜੱਟ ਤੇ ਜਾਟ ਵਿਚਲੀ ਲਕੀਰ ਫਿੱਕੀ ਪਈ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖਹਿਰਾ ਦਾ ਕਿਸਾਨ ਗੁਰਨਾਮ ਸਿੰਘ ਦਸ ਦਿਨਾਂ ਤੋਂ ਦਿੱਲੀ ਮੋਰਚੇ ਵਿਚ ਹੈ। ਉਸ ਨੇ ਦੱਸਿਆ ਕਿ ਰਾਤ ਸਮੇਂ ਜਦੋਂ ‘ਜੱਟ ਤੇ ਜਾਟ’ ਇਕੱਠੇ ਬੈਠਦੇ ਹਨ ਤਾ ਭਾਵੁਕ ਸਾਂਝ ਦਾ ਮਾਹੌਲ ਬਣਦਾ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਨੇ ਕੁਰਸੀ ਖਾਤਰ ਬਾਕੀ ਸਫਾ ਪੰਜਾਬ ਨੂੰ ਵੰਡ ਦਿੱਤਾ ਸੀ। ਪਾਣੀਆਂ ਦੇ ਨਾਂ ’ਤੇ ਕੰਧਾਂ ਉਸਾਰ ਦਿੱਤੀਆਂ ਪਰ ਕਿਸਾਨ ਘੋਲ ਨੇ ਮੁੜ ਦਿਲਾਂ ਨੂੰ ਜੋੜ ਦਿੱਤਾ ਹੈ। ਹਰਿਆਣਾ ਦੇ ਕਿਸਾਨਾਂ ਦੇ ਪੰਡਾਲ ’ਚ ਸਰ ਛੋਟੂ ਰਾਮ ਅਤੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੋਸਟਰ ਲੱਗੇ ਹੋਏ ਹਨ। ਹਰਿਆਣਾ ਦੇ ਪਿੰਡ ਸੌਂਗਲ ਦਾ ਕਿਸਾਨ ਅਨਿਲ ਆਖਦਾ ਹੈ ਕਿ ਦਿਲੀ ਮੋਰਚੇ ਨੇ ‘ਮਹਾਂ ਪੰਜਾਬ’ ਦਿਖਾ ਦਿੱਤਾ ਹੈ ਜਿਸ ਨੂੰ ਕਿਸੇ ਵੇਲੇ ਟੋਟੇ ਟੋਟੇ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਵੱਡਾ ਭਰਾ ਹੈ ਜਿਸ ਨਾਲ ਬੈਠ ਕੇ ਮਾਣ ਮਹਿਸੂਸ ਹੁੰਦਾ ਹੈ। ਹਰਿਆਣਵੀਂ ਕਿਸਾਨ ਨੱਥੂ ਰਾਮ ਆਖਦਾ ਹੈ ਕਿ ਸਿਆਸੀ ਲੀਡਰਾਂ ਨੇ ਦੋਹਾਂ ਸੂਬਿਆਂ ਦੇ ਕਿਸਾਨਾਂ ’ਚ ਪਾਣੀਆਂ ਦੇ ਨਾਂ ’ਤੇ ਨਫਰਤ ਭਰੀ। ਰਾਤ ਵਕਤ ਜਦੋਂ ਇੱਕ ਥਾਂ ‘ਤਾਊ ਤੇ ਭਾਊ’ ਜੁੜਦੇ ਹਨ, ਦਿਲ ਫਰੋਲਦੇ ਹਨ, ਜੱਫੀਆਂ ਪਾਉਂਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੜ੍ਹੀ ਗੁਰਦਾਸ ਨੰਗਲ ਦਾ ਕਿਸਾਨ ਜਤਿੰਦਰ ਸਿੰਘ ਆਖਦਾ ਹੈ ਕਿ ਹਰਿਆਣਾ ਦੇ ਕਿਸਾਨਾਂ ਨੇ ਸਾਥ ਦਿੱਤਾ ਤਾਂ ਹੀ ‘ਦਿੱਲੀ ਮੋਰਚੇ’ ਦਾ ਪਿੜ ਬੱਝ ਸਕਿਆ ਹੈ। ਸਿਆਸੀ ਆਗੂਆਂ ਨੇ ਨਫਰਤ ਵੰਡੀ ਅਤੇ ਕਿਸਾਨ ਘੋਲ ਹੁਣ ਪਿਆਰ ਵੰਡ ਰਿਹਾ ਹੈ। ਜਾਟ ਮੋਟਾ ਪਹਿਲਵਾਨ ਆਖਦਾ ਹੈ ਕਿ ਕਿਸਾਨ ਘੋਲ ਨੇ ਦੋ ਸੂਬਿਆਂ ਦੇ ਕਿਸਾਨਾਂ ’ਚ ਬਣੀ ਦੂਰੀ ਨੂੰ ਦੂਰ ਕਰ ਦਿੱਤਾ ਹੈ। ਹਰਿਆਣਾ ਦੇ ਕਿਸਾਨਾਂ ਨੇ ਕਿਸਾਨ ਘੋਲ ’ਚ ਦੁੱਧ ਦੀਆਂ ਨਦੀਆਂ ਵਗਾ ਦਿੱਤੀਆਂ ਹਨ। ਤਰਨ ਤਾਰਨ ਦੇ ਪਿੰਡ ਮਾੜੀ ਮੇਘਾ ਦਾ ਕਿਸਾਨ ਸੰਦੀਪ ਸਿੰਘ ਆਖਦਾ ਹੈ ਕਿ ਹਰਿਆਣਾ ਦੇ ਕਿਸਾਨ ਇੱਕੋ ਗੱਲ ਆਖਦੇ ਹਨ ਕਿ ਪੰਜਾਬ ਨੇ ਵੱਡੇ ਭਰਾ ਵਾਲੀ ਭੂਮਿਕਾ ਨਿਭਾ ਕੇ ਹਰਿਆਣਾ ਦੇ ਕਿਸਾਨਾਂ ਨੂੰ ਜਗਾ ਦਿੱਤਾ ਹੈ। ਉਹ ਦੱਸਦਾ ਹੈ ਕਿ ਦੋਵੇਂ ਸੂਬਿਆਂ ਦੇ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਇੱਕੋ ਥਾਂ ਬੈਠ ਕੇ ਮੋਰਚੇ ਵਿੱਚ ਲੰਗਰ ਤਿਆਰ ਕਰਦੀਆਂ ਹਨ। ਕਿਸਾਨ ਘੋਲ ਦੀਆਂ ਸਟੇਜਾਂ ਤੋਂ ਦੋਵੇਂ ਸੂਬਿਆਂ ਦੇ ਕਿਸਾਨ ਆਗੂ ਬੋਲਦੇ ਹਨ। ਕਿਸਾਨਾਂ ਦਾ ਇੱਕੋ ਤਰਕ ਹੈ ਕਿ ਕਿਸਾਨ ਘੋਲ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਲੜੀ ਵਿਚ ਪਰੋ ਦਿੱਤਾ ਹੈ।
ਪੰਜਾਬ ਭਾਜਪਾ ਦੇ ਆਗੂ ਰਾਜਨਾਥ ਨੂੰ ਮਿਲੇ
ਨਵੀਂ ਦਿੱਲੀ: ਪੰਜਾਬ ਭਾਜਪਾ ਦੇ ਆਗੂਆਂ ਦਾ ਵਫ਼ਦ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਤੇ ਕਿਸਾਨ ਅੰਦੋਲਨ ਬਾਰੇ ਚਰਚਾ ਕੀਤੀ। ਵਫ਼ਦ ’ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਸੂਬੇ ਤੋਂ ਪਾਰਟੀ ਆਗੂ ਸੁਰਜੀਤ ਜਿਆਣੀ ਤੇ ਹਰਜੀਤ ਗਰੇਵਾਲ ਵੀ ਸ਼ਾਮਲ ਸਨ। ਉਨ੍ਹਾਂ ਇੱਥੇ ਰੱਖਿਆ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਵਫ਼ਦ ਨੇ ਕੇਂਦਰੀ ਮੰਤਰੀ ਨਾਲ ਕਿਸਾਨ ਅੰਦੋਲਨ ਬਾਰੇ ਚਰਚਾ ਕੀਤੀ ਜਿਸ ’ਚ ਜ਼ਿਆਦਾਤਰ ਪੰਜਾਬ ਦੇ ਕਿਸਾਨ ਹਨ। ਪਾਰਟੀ ਆਗੂਆਂ ਨੇ ਰਾਜਨਾਥ ਸਿੰਘ ਨੂੰ ਸੂਬੇ ਵਿਚਲੇ ਜ਼ਮੀਨੀ ਹਾਲਾਤ ਤੋਂ ਵੀ ਜਾਣੂ ਕਰਵਾਇਆ। -ਪੀਟੀਆਈ
ਪੰਜਾਬ ਦੀ ਭੂਮਿਕਾ ਇੰਜਨ ਵਾਲੀ: ਮੋਹਨਪੁਰਾ
ਗਰਾਮੀਣ ਕਿਸਾਨ ਮਜ਼ਦੂਰ ਸਮਿਤੀ ਰਾਜਸਥਾਨ ਦੇ ਬੁਲਾਰੇ ਸੰਤਵੀਰ ਸਿੰਘ ਮੋਹਨਪੁਰਾ ਨੇ ਕਿਹਾ ਕਿ ਕਿਸਾਨ ਘੋਲ ਵਿੱਚ ਪੰਜਾਬ ਇੰਜਨ ਬਣਿਆ ਹੈ ਜਿਸ ਦੇ ਪਿੱਛੇ ਸਭ ਸੂਬਿਆਂ ਦੇ ਕਿਸਾਨ ਡੱਬੇ ਬਣ ਕੇ ਲੱਗੇ ਹਨ ਜਿਸ ਕਰਕੇ ਉਹ ਪੰਜਾਬ ਦੇ ਦੇਣਦਾਰ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਵਖਰੇਵੇਂ ਖਤਮ ਕਰ ਦਿੱਤੇ ਹਨ। ਕਿਸਾਨ ਆਪਣੇ ਵਜੂਦ ਦਾ ਲੜਾਈ ਲੜ ਰਹੇ ਹਨ ਜਿਸ ’ਚ ਜਿੱਤ ਜ਼ਰੂਰ ਮਿਲੇਗੀ।
ਸਿਆਸੀ ਧਿਰਾਂ ਲਈ ਕਿਸਾਨਾਂ ਨੂੰ ਭਰਮਾਉਣਾ ਔਖਾ: ਰਾਮ ਸਵਰਨ
ਦਿੱਲੀ ਵਿਚ ਕਈ ਦਿਨਾਂ ਤੋਂ ਡਟਿਆ ਤਰਕਸ਼ੀਲ ਆਗੂ ਰਾਮ ਸਵਰਨ ਆਖਦਾ ਹੈ ਕਿ ਕਿਸਾਨੀ ਘੋਲ ਨੇ ਇੰਨੀ ਸਮਾਜਿਕ ਜਾਗ੍ਰਿਤੀ ਪੈਦਾ ਕਰ ਦਿੱਤੀ ਹੈ ਕਿ ਸਿਆਸੀ ਧਿਰਾਂ ਨੂੰ ਭਵਿੱਖ ਵਿਚ ਕਿਸਾਨੀ ’ਤੇ ਜਾਲ ਸੁੱਟਣਾ ਮੁਸ਼ਕਲ ਹੋ ਜਾਵੇਗਾ। ਉਹ ਦੱਸਦਾ ਹੈ ਕਿ ਸਭ ਸੂਬਿਆਂ ਦੇ ਕਿਸਾਨ ਇੱਕੋ ਪੰਗਤ ਵਿਚ ਬੈਠਦੇ ਹਨ, ਇੱਕੋ ਜਗ੍ਹਾ ਨਹਾਉਂਦੇ ਹਨ, ਇੱਕੋ ਥਾਂ ਸੌਂਦੇ ਹਨ। ਤਰਕਸ਼ੀਲ ਆਗੂ ਦਾ ਕਹਿਣਾ ਹੈ ਕਿ ਸਭ ਦੀ ਆਮ ਸੂਝ ਕਾਫੀ ਵਧੀ ਹੈ।