ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਦਸੰਬਰ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਅੱਜ ਸ਼ਾਮ ਪੀਜੀਆਈ ਰੋਹਤਕ ਤੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਹ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜ਼ੇਰੇ ਇਲਾਜ ਹਨ। ਡਾਕਟਰਾਂ ਦੀ ਟੀਮ ਉਨ੍ਹਾਂ ਨੂੰ ਮੇਦਾਂਤਾ ਲੈ ਕੇ ਗਈ। ਮੇਦਾਂਤਾ ਜਾਣ ਤੋਂ ਪਹਿਲਾਂ ਸ੍ਰੀ ਵਿੱਜ ਦੇ ਭਰਾ ਰਾਜਿੰਦਰ ਨੇ ਦੱਸਿਆ ਕਿ ਗ੍ਰਹਿ ਮੰਤਰੀ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਦੇ ਫੇਫੜਿਆਂ ਵਿਚ ਇਨਫੈਕਸ਼ਨ ਫੈਲ ਗਈ ਹੈ ਤੇ ਚਾਰ ਦਿਨਾਂ ਵਿਚ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸ੍ਰੀ ਵਿੱਜ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਨੂੰ 5 ਦਸੰਬਰ ਨੂੰ ਸਿਵਲ ਹਸਪਤਾਲ ਅੰਬਾਲਾ ਛਾਉਣੀ ਭਰਤੀ ਕੀਤਾ ਗਿਆ ਸੀ, ਜਿਥੇ ਪੀਜੀਆਈ ਰੋਹਤਕ ਦੀ ਟੀਮ ਵੀ ਉਨ੍ਹਾਂ ਦਾ ਇਲਾਜ ਕਰਨ ਪੁੱਜੀ ਸੀ। ਉਨ੍ਹਾਂ ਨੂੰ 12 ਦਸੰਬਰ ਨੂੰ ਪੀਜੀਆਈ ਰੋਹਤਕ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਵੀ ਦਿੱਤੀ ਗਈ ਸੀ।