ਮੁਕੇਸ਼ ਕੁਮਾਰ
ਚੰਡੀਗੜ੍ਹ, 10 ਜਨਵਰੀ
ਚੰਡੀਗੜ੍ਹ ਮੇਅਰ ਦੀ ਚੋਣ ਤੋਂ ਬਾਅਦ ਵੱਖ ਵੱਖ ਪਾਰਟੀਆਂ ਵੱਲੋਂ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਜਵਾਬਦੇਹੀ ਦਾ ਸਮਾਂ ਸ਼ੁਰੂ ਹੋ ਗਿਆ ਹੈ।
ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਨਿਗਮ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨੂੰ ਹਰ ਮਹੀਨੇ ਵੀਹ ਹਜ਼ਾਰ ਲਿਟਰ ਪ੍ਰਤੀ ਪਰਿਵਾਰ ਮੁਫ਼ਤ ਪਾਣੀ ਦੇਣ ਦੀ ਦਿੱਤੀ ਗਈ ਪਹਿਲੀ ‘ਗਾਰੰਟੀ’ ਨੂੰ ਪੂਰਾ ਕਰਨ ਲਈ ਨਵੀਂ ਟੀਮ ਨਿਗਮ ਹਾਊਸ ਦੀ ਪਹਿਲੀ ਮੀਟਿੰਗ ਵਿੱਚ ਹੀ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ। ਨਿਗਮ ਦੇ ਮਾਹਿਰਾਂ ਅਨੁਸਾਰ ਕੋਈ ਵੀ ਖਰੜਾ ਪੇਸ਼ ਕਰਨ ਲਈ ਨਿਗਮ ਦੇ ਇੱਕ ਤਿਹਾਈ ਕੌਂਸਲਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਹੈ ਅਤੇ ‘ਆਪ’ ਕੋਲ ਇੱਕ ਤਿਆਹੀ ਤੋਂ ਵੀ ਜ਼ਿਆਦਾ ਕੌਂਸਲਰ ਹਨ। ‘ਆਪ’ ਵਾਅਦਾ ਪੂਰਾ ਕਰਨ ਲਈ ਇਹ ਪ੍ਰਸਤਾਵ ਨਿਗਮ ਹਾਊਸ ਵਿੱਚ ਪੇਸ਼ ਕਰਨ ਲਈ ਪੂਰਾ ਜ਼ੋਰ ਲਗਾਵੇਗੀ। ਸੂਤਰਾਂ ਅਨੁਸਾਰ ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਇਹ ਖਰੜਾ ਨਿਗਮ ਹਾਊਸ ਮੀਟਿੰਗ ਵਿੱਚ ਨਾ ਆਵੇ। ਇਸ ਖਰੜੇ ਨੂੰ ਲੈ ਕੇ ‘ਆਪ’ ਨੂੰ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਮੁਸ਼ਕਲ ਵਿੱਚ ਪੈ ਸਕਦੀ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਜੇਕਰ ਮੁਫ਼ਤ ਪਾਣੀ ਨੂੰ ਲੈ ਕੇ ਇਹ ਖਰੜਾ ਨਿਗਮ ਹਾਊਸ ਪਾਸ ਕਰ ਦਿੰਦਾ ਹੈ ਤਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਹੀ ਇਹ ਖਰੜਾ ਲਾਗੂ ਹੋ ਸਕਦਾ ਹੈ। ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਚੋਣਾਂ ਦੌਰਾਨ ‘ਆਪ’ ਨੇ ਜੋ ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਹਰ ਘਰ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦੀ ਸਹੂਲਤ ਸਬੰਧੀ ਪ੍ਰਸਤਾਵ ਨਿਗਮ ਦੀ ਪਹਿਲੀ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੂੰ ਵੀ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਆਪਣਾ ਸਮਰਥਨ ਦੇਣਾ ਚਾਹੀਦਾ ਹੈ।
ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਅਹੁਦਾ ਸੰਭਾਲਿਆ
ਚੰਡੀਗੜ੍ਹ ਦੀ ਨਵੀਂ ਚੁਣੀ ਗਈ ਮੇਅਰ ਸਰਬਜੀਤ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਮੇਅਰ ਸਰਬਜੀਤ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਰਸਮੀ ਮੁਲਾਕਾਤ ਕੀਤੀ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸ਼ਹਿਰ ਨੂੰ ਮੁੜ ਤੋਂ ਦੇਸ਼ ਦੇ ਸਭ ਤੋਂ ਸਾਫ ਸੁਥਰਾ ਸ਼ਹਿਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਸਮੂਹ ਕੌਂਸਲਰਾਂ ਅਤੇ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ। ਮੇਅਰ ਨੇ ਕਿਹਾ ਕਿ ਡੰਪਿੰਗ ਗਰਾਊਂਡ ਦੇ ਕੂੜੇ ਦੇ ‘ਪਹਾੜ’ ਨੂੰ ਜਲਦੀ ਹੀ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ ਅਤੇ ਇਸ ਸਬੰਧੀ ਉਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਅਪੀਲ ਕਰਨਗੇ।