ਨਵੀਂ ਦਿੱਲੀ, 15 ਦਸੰਬਰ
ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਪਿਛਲੇ 7-8 ਮਹੀਨਿਆਂ ਤੋਂ ਕੋਵਿਡ-19 ਨਾਲ ਨਜਿੱਠਣ ਵਿੱਚ ਲੱਗੇ ਡਾਕਟਰਾਂ ਨੂੰ ਆਰਾਮ ਦੇਣ ’ਤੇ ਵਿਚਾਰ ਕਰੇ। ਸਰਵਉੱਚ ਅਦਾਲਤ ਨੇ ਕਿਹਾ ਕਿ ਕਰੋਨਾ ਨਾਲ ਜੂਝ ਰਹੇ ਡਾਕਟਰਾਂ ਦੇ ਲਗਾਤਾਰ ਕੰਮ ਕਰਨ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਜਸਟਿਸ ਅਸ਼ੋਕ ਭੂਸ਼ਣ, ਆਰਐੱਸ ਰੈਡੀ ਤੇ ਐੱਮਆਰ ਸ਼ਾਹ ਦੇ ਬੈਂਚ ਨੇ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਠੀਕ ਇਲਾਜ ਅਤੇ ਦੇਹਾਂ ਨੂੰ ਠੀਕ ਢੰਗ ਨਾਲ ਸੰਭਾਲਣ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਡਾਕਟਰਾਂ ਨੂੰ ਛੁੱਟੀ ਦਿੱਤੇ ਜਾਣ ’ਤੇ ਸੁਝਾਅ ’ਤੇ ਵਿਚਾਰ ਕਰਨ ਲਈ ਕਿਹਾ। ਬੈਂਚ ਨੇ ਕਿਹਾ, ‘ਇਨ੍ਹਾਂ ਡਾਕਟਰਾਂ ਨੂੰ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਕੋਈ ਬਰੇਕ ਨਹੀਂ ਦਿੱਤਾ ਗਿਆ ਤੇ ਉਹ ਲਗਾਤਾਰ ਕੰਮ ਕਰ ਰਹੇ ਹਨ। ਤੁਸੀਂ ਨਿਰਦੇਸ਼ ਲੈ ਕੇ ਇਨ੍ਹਾਂ ਨੂੰ ਕੁਝ ਛੁੱਟੀ ਦੇਣ ਬਾਰੇ ਸੋਚੋ। ਇਹ ਬਹੁਤ ਕਸ਼ਟਦਾਇਕ ਹੋਵੇਗਾ ਤੇ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ।’ ਸ੍ਰੀ ਮਹਿਤਾ ਨੇ ਬੈਂਚ ਨੂੰ ਵਿਸ਼ਵਾਸ ਦਿੱਤਾ ਕਿ ਸਰਕਾਰ ਕੋਵਿਡ-19 ਡਿਊਟੀ ਵਿੱਚ ਲੱਗੇ ਸਿਹਤ ਕਰਮਚਾਰੀਆਂ ਨੂੰ ਛੁੱਟੀ ਦੇਣ ਦੇ ਸੁਝਾਅ ’ਤੇ ਵਿਚਾਰ ਕਰੇਗੀ। ਸਰਵਉੱਚ ਅਦਾਲਤ ਨੇ ਹੈਰਾਨੀ ਜਤਾਈ ਕਿ ਗੁਜਰਾਤ ਸਰਕਾਰ ਨੇ ਮਾਸਕ ਨਾ ਪਹਿਨਣ ’ਤੇ 90 ਕਰੋੜ ਰੁਪਏ ਜੁਰਮਾਨਾ ਲਗਾਇਆ ਪਰ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਨਹੀਂ ਕਰਵਾ ਸਕੀ। -ਪੀਟੀਆਈ