ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ):ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਅੰਮ੍ਰਿਤਸਰ ਇਕਾਈ ਦੇ ਮੁਖੀ ਸੁਮੀਤ ਸਿੰਘ ਤੇ ਸਾਥੀਆਂ ਨੇ 12 ਅਤੇ 13 ਦਸੰਬਰ ਨੂੰ ਦਿੱਲੀ ਦੇ ਇਤਿਹਾਸਕ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਟਿਕਰੀ ਬਾਰਡਰ ਅਤੇ ਸਿੰਧੂ ਬਾਰਡਰ ਦੇ ਧਰਨੇ ਵਿਚ ਕਾਫਲੇ ਰਾਹੀਂ ਭਰਵੀਂ ਸ਼ਮੂਲੀਅਤ ਕੀਤੀ । ਕਿਸਾਨ ਅੰਦੋਲਨਕਾਰੀਆਂ ਵਿਚ ਵਿਗਿਆਨਕ ਚੇਤਨਾ ਪ੍ਰਫੁੱਲਤ ਕਰਨ ਲਈ ਤਰਕਸ਼ੀਲ ਸਾਹਿਤ ਮੁਫ਼ਤ ਵੰਡਿਆ ਗਿਆ। ਇਕਾਈ ਦੇ ਆਗੂਆਂ ਸੁਮੀਤ ਸਿੰਘ, ਜਸਪਾਲ ਬਾਸਰਕਾ, ਮਨਜੀਤ ਬਾਸਰਕਾ ਅਤੇ ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਭਾਈਚਾਰੇ ਦਾ ਵਿਲੱਖਣ ਰੂਪ ਵੇਖ ਕੇ ਲਗਦਾ ਹੈ ਕਿ ਇਹ ਅੰਦੋਲਨ ਦੇਸ਼ ਨੂੰ ਇਕ ਨਵੀਂ ਸੇਧ ਦੇਣ ਲਈ ਵਚਨਬਧ ਹੈ। ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਮੰਤਰੀ, ਭਾਜਪਾ ਨੇਤਾ ਅਤੇ ਗੋਦੀ ਮੀਡੀਆ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਘਬਰਾ ਕੇ ਕਿਸਾਨ ਅੰਦੋਲਨਕਾਰੀਆਂ ਨੂੰ ਕਦੇ ਵੱਖਵਾਦੀ,ਖਾਲਿਸਤਾਨੀ ਕਹਿ ਕੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਪਰ ਦੇਸ਼ ਦੀਆਂ ਸਮੂਹ ਲੋਕਪੱਖੀ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੀ ਇਸ ਕੋਝੀ ਸਾਜਿਸ਼ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੀਆਂ।