ਮਨੋਜ ਸ਼ਰਮਾ/ਸੁੰਦਰ ਨਾਥ ਆਰੀਆ
ਬਠਿੰਡਾ/ਅਬੋਹਰ, 20 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਨਗਰ ਨਿਗਮ ਚੋਣਾਂ ਸਬੰਧੀ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਰਕਰਾਂ ਨੂੰ ਚੋਣਾਂ ਲਈ ਕਮਰਕੱਸਾ ਕਰਨ ਦੀ ਹਦਾਇਤ ਕੀਤੀ। ਬਾਕੀ ਆਗੂਆਂ ਨੇ ਵੀ ਆਪਣੇ ਸੁਝਾਅ ਦਿੱਤੇ ਅਤੇ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਸੌਂਪੀ ਹਰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਹੋਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਗਰ ਨਿਗਮ ਚੋਣਾਂ ਲਈ ਅਬੋਹਰ ਤੋਂ ਆਪਣੇ 25 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੁਕਤਸਰ ਦੇ ਵਿਧਾਇਕ ਅਤੇ ਪਾਰਟੀ ਦੇ ਆਬਜ਼ਰਵਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਅੱਜ ਦੇਰ ਸ਼ਾਮ ਸ਼ਹਿਰ ਦੇ 50 ’ਚੋਂ 25 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਾਕੀ 25 ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਾਰਡਾਂ ਤੋਂ ਸ਼ਾਨਦਾਰ ਜਿੱਤ ਹਾਸਲ ਕਰਕੇ ਨਿਗਮ ਵਿੱਚ ਅਕਾਲੀ ਦਲ ਦਾ ਮੇਅਰ ਬਣਾਇਆ ਜਾਵੇਗਾ।