ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 20 ਜਨਵਰੀ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਅਵਤਾਰ ਦਿਹਾੜੇ ਦੇ ਸਬੰਧ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਅਰਦਾਸ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਕੀਤੀ। ਹਜ਼ੂਰੀ ਰਾਗੀ ਜਥਿਆਂ ਨੇ ਕੀਰਤਨ ਕੀਤਾ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਗੈਰ-ਹਾਜ਼ਰੀ ਵਿੱਚ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ। ਉਨ੍ਹਾਂ ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਦਸਮੇਸ਼ ਪਿਤਾ ਜੀ ਦੇ ਅਵਤਾਰ ਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤਖ਼ਤ ਸਾਹਿਬ ਦੇ ਸਟਾਫ਼ ਤੋਂ ਇਲਾਵਾ ਜਿੱਥੇ ਇਲਾਕੇ ਦੇ ਮੋਹਤਵਰਾਂ ਨੇ ਹਾਜ਼ਰੀ ਭਰੀ, ਉੱਥੇ ਗੁਰਪੁਰਬ ਮੌਕੇ ਵੱਡੀ ਗਿਣਤੀ ਸੰਗਤਾਂ ਨੇ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰ ਧਾਰਮਿਕ ਅਸਥਾਨਾਂ ਵਿੱਚ ਮੱਥਾ ਟੇਕਿਆ।
ਮਾਨਸਾ (ਜੋਗਿੰਦਰ ਸਿੰਘ ਮਾਨ) ਮਾਲਵਾ ਖੇਤਰ ਵਿੱਚ ਖੇਤੀ ਬਿੱਲਾਂ ਵਿਰੁੱਧ ਲੱਗੇ ਧਰਨਿਆਂ ਵਿੱਚ ਅੱਜ ਥਾਂ-ਥਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਜ਼ਬਰ ਜੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਅਹਿਦ ਲਿਆ ਗਿਆ| ਮਾਨਸਾ ਦੇ ਰੇਲਵੇ ਸਟੇਸ਼ਨ ਸਾਹਮਣੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ 112 ਵੇਂ ਦਿਨ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਦੇ ਹਾਕਮਾਂ ਖ਼ਿਲਾਫ਼ ਲੜਾਈ ਲੜ ਕੇ ਜ਼ਬਰ ਜੁਲਮ ਖ਼ਿਲਾਫ਼ ਬੋਲਣ ਦੀ ਜਾਂਚ ਸਿਖਾਈ ਹੈ, ਜਿਸ ਤੋਂ ਸੇਧ ਲੈ ਕੇ ਅੱਜ ਦੇਸ਼ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ|
ੳਨ੍ਹਾਂ ਕਿਹਾ ਕਿ ਅੱਜ ਦੇ ਹਾਕਮਾਂ ਵੱਲੋਂ ਵੀ ਜਨਤਾ ’ਤੇ ਜ਼ਬਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ, ਜਿਸ ਖ਼ਿਲਾਫ਼ ਦੇਸ਼ ਦਾ ਕਿਸਾਨ ਐਨੀ ਠੰਢ ’ਚ ਜੂਝ ਰਿਹਾ ਹੈ| ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਨਕਸਲੀ ਤੇ ਕਦੇ ਕਾਮਰੇਡਾਂ ਦਾ ਨਾਂ ਦੇ ਕੇ ਭੰਡਣ ਦੀਆਂ ਚਾਲਾਂ ਚੱਲੀਆਂ ਹਨ, ਤਾਂਕਿ ਇਸ ਸੰਘਰਸ਼ ਨੂੰ ਬਦਨਾਮ ਕਰਕੇ ਇਸ ਦਾ ਸਮਰਥਨ ਘਟਾਇਆ ਜਾ ਸਕੇ, ਪਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ| ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੰਘਰਸ਼ ਦਾ ਸਾਥ ਦੇ ਰਹੇ ਆੜ੍ਹਤੀਆਂ ’ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਮਰਵਾਏ ਗਏ ਤੇ ਹੁਣ ਸੰਘਰਸ਼ ਦਾ ਸਾਥ ਦੇ ਰਹੇ ਲੋਕਾਂ ਤੇ ਐਨਆਈਏ ਵੱਲੋਂ ਨੋਟਿਸ ਭਿਜਵਾਏ ਜਾ ਰਹੇ ਹਨ, ਜਿਸ ਨਾਲ ਲੋਕ ਡਰਨ ਦੀ ਬਜਾਏ ਸੰਘਰਸ਼ ਪ੍ਰਤੀ ਹੋਰ ਦ੍ਰਿੜ੍ਹ ਹੋ ਰਹੇ ਹਨ| ਉਨ੍ਹਾਂ ਕਿਹਾ ਕਿ 26 ਜਨਵਰੀ ਦਾ ਇਤਿਹਾਸਕ ਟਰੈਕਟਰ ਮਾਰਚ ਸਰਕਾਰ ਦੇ ਸਾਰੇ ਭਰਮ ਭੁਲੇਖੇ ਕੱਢ ਦੇਵੇਗਾ।
ਆਗਮਨ ਦਿਵਸ ਮੌਕੇ ਨਗਰ ਕੀਰਤਨ ਸਜਾਏ
ਭੁੱਚੋ ਮੰਡੀ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਆਗਮਨ ਦਿਵਸ ਮੌਕੇ ਪਿੰਡ ਭੁੱਚੋ ਕਲਾਂ ਵਿੱਚ ਗੁਰਦੁਆਰਾ ਕਿਲਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਭਾਈ ਬਿੰਦਰ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਬਾਬਾ ਦਲ ਸਿੰਘ ਵੈੱਲਫੇਅਰ ਕਲੱਬ ਅਤੇ ਨੌਜਵਾਨਾਂ ਨੇ ਗਲੀਆਂ ਵਿੱਚ ਸਫਾਈ ਦੀ ਸੇਵਾ ਨਿਭਾਈ। ਸੰਗਤਾਂ ਵੱਲੋਂ ਥਾਂ ਥਾਂ ’ਤੇ ਲੰਗਰ ਲਗਾਏ ਗਏ। ਮੱਖ ਸੇਵਾਦਾਰ ਬਾਬਾ ਮੇਜ਼ਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਚੱਕ ਰਾਮ ਸਿੰਘ ਵਾਲਾ ਵੱਲੋਂ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਵਰਤਿਆ। ਇਸੇ ਤਰ੍ਹਾਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਗੁਰਪੁਰਬ ਮੌਕੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਕੀਤਾ।
ਮਾਨਸਾ (ਪੱਤਰ ਪ੍ਰੇਰਕ): ਗੁਰਦੁਆਰਾ ਸਿੰਘ ਸਭਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਮਨਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਭਾਈ ਜਸਵਿੰਦਰ ਸਿੰਘ ਫਰਮਾਹੀ ਵਾਲੇ, ਹਜ਼ੂਰੀ ਰਾਗੀ ਰਜਿੰਦਰ ਸਿੰਘ ਮਾਨਸਾ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਮਹਾਨ ਕਥਾ ਵਾਚਕ ਤਰਲੋਚਨ ਸਿੰਘ ਹੈੱਡ ਗ੍ਰੰਥੀ ਟੇਕ ਬਰ੍ਹੇ ਅਤੇ ਗ੍ਰੰਥੀ ਮਿਹਰ ਸਿੰਘ ਅਕਲੀਆ ਨੇ ਗੁਰੂ ਸਹਬਿਾਨਾਂ ਦੇ ਜੀਵਨ ’ਤੇ ਚਾਨਣਾ ਪਾਇਆ।