ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜਨਵਰੀ
ਸੂਬੇ ਵਿਚ ਕਰੋਨਾ ਦੇ ਕੇਸਾਂ ’ਚ ਮੋਹਰੀ ਰਹਿਣ ਵਾਲੇ ਲੁਧਿਆਣਾ ਜ਼ਿਲ੍ਹੇ ਵਿਚ ਹਾਲੇ ਤੱਕ ਕਰੋਨਾ ਦੇ ਟੀਕੇ ਨੂੰ ਹੁੰਗਾਰਾ ਨਹੀਂ ਮਿਲ ਰਿਹਾ ਹੈ, ਕਰੋਨਾ ਖ਼ਿਲਾਫ਼ ਅੱਗੇ ਹੋ ਕੇ ਲੜਾਈ ਲੜਨ ਵਾਲੇ ਸਿਹਤ ਮੁਲਾਜ਼ਮ ਹਾਲੇ ਕਰੋਨਾ ਦੇ ਟੀਕੇ ਤੋਂ ਘਬਰਾ ਰਹੇ ਹਨ। ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜ ਦਿਨਾਂ ਦੀ ਮਿਹਤਨ ਤੋਂ ਬਾਅਦ ਪੂਰੇ ਜ਼ਿਲ੍ਹੇ ਵਿਚ 3500 ਦੇ ਕਰੀਬ ਮੁਲਾਜ਼ਮਾਂ ਨੂੰ ਹਾਲੇ ਤੱਕ ਕਰੋਨਾ ਦਾ ਟੀਕਾ ਲੱਗ ਸਕਿਆ ਹੈ। ਇਸ ਵਿਚ ਵੀ 1886 ਦੀ ਗਿਣਤੀ ਸ਼ੁੱਕਰਵਾਰ ਦੀ ਹੈ। ਕਰੋਨਾ ਵੈਕਸੀਨ ਦੇ ਪਹਿਲੇ ਪੜਾਅ ’ਚ ਕਰੀਬ 31 ਹਜ਼ਾਰ ਸਿਹਤ ਮੁਲਾਜ਼ਮਾਂ ਨੂੰ ਇਹ ਦਵਾਈ ਦਿੱਤੀ ਜਾਣੀ ਹੈ। ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਪਹਿਲੇ ਚਾਰ ਦਿਨਾਂ ਵਿਚ ਸਿਹਤ ਮੁਲਾਜ਼ਮਾਂ ਦੀ ਗਿਣਤੀ ਘੱਟ ਸੀ, ਪਰ ਅੱਜ 1886 ਲੋਕਾਂ ਨੂੰ 15 ਥਾਵਾਂ ’ਤੇ ਟੀਕਾ ਲਗਾਇਆ ਗਿਆ ਹੈ। ਹੁਣ ਸਿਹਤ ਵਿਭਾਗ ਨੂੰ ਉਮੀਦ ਹੈ ਕਿ ਜਲਦ ਹੀ ਉਹ ਆਪਣੇ ਰਜਿਸਟਰ ਕੀਤੇ ਗਏ 31000 ਮੁਲਾਜ਼ਮਾਂ ਨੂੰ ਸਮੇਂ ਸਿਰ ਕਰੋਨਾ ਵੈਕਸੀਨ ਲਾਈ ਜਾ ਸਕੇਗੀ।
ਜ਼ਿਲ੍ਹੇ ਵਿੱਚ ਕਰੋਨਾ ਕਾਰਨ ਦੋ ਮੌਤਾਂ; 40 ਨਵੇਂ ਕੇਸ ਪਾਜ਼ੇਟਿਵ
ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਲੁਧਿਆਣਾ ਵਿਚ ਕਰੋਨਾ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 40 ਨਵੇਂ ਮਰੀਜ਼ਾਂ ਦੀ ਰਿਪਰੋਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਸੁਖਜੀਵਨ ਸਿੰਘ ਕੱਕੜ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਰੋਨਾ ਦੇ 40 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾ 25,474 ’ਤੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਵਾਲੀ ਗੱਲ ਇਹ ਹੈ ਕਿ 24,190 ਲੋਕ ਸਿਹਤਯਾਬ ਹੋ ਚੁੱਕੇ ਹਨ। ਲੁਧਿਆਣਾ ’ਚ ਵੱਖ-ਵੱਖ ਹਸਪਤਾਲਾਂ ਤੇ ਘਰਾਂ ਵਿਚ ਹੁਣ 291 ਲੋਕਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਅੱਜ ਮਰਨ ਵਾਲਿਆਂ ਵਿੱਚੋਂ ਇਕ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ, ਜਦੋਂ ਕਿ ਦੂਸਰਾ ਸਿਵਲ ਲਾਈਨ ਇਲਾਕੇ ਦਾ ਵਾਸੀ ਸੀ। ਉਨ੍ਹਾਂ ਦੱਸਿਆ ਕਿ ਅੱਜ ਜਿਹੜੇ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋਂ 40 ਲੁਧਿਆਣਾ ਨਾਲ ਸਬੰਧਤ ਹਨ, ਜਦੋਂ ਕਿ ਚਾਰ ਬਾਹਰਲੇ ਜ਼ਿਲ੍ਹਿਆਂ ਤੋਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਰੋਨਾ ਮੁੜ ਤੇਜ਼ੀ ਨਾਲ ਰਫ਼ਤਾਰ ਫੜ ਰਿਹਾ ਹੈ, ਜਿਸ ਤੋਂ ਸਬਕ ਲੈਂਦੇ ਹੋਏ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾ ਸਕਣ।