ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜਨਵਰੀ
ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਵੇਰਵਿਆਂ ਮੁਤਾਬਕ ਦਿੱਲੀ ਦੀ ਇੱਕ ਅਦਾਲਤ ਨੇ ਪਿਛਲੇ ਸਾਲ ਹੁਕਮ ਦਿੱਤਾ ਸੀ ਕਿ ਕਮੇਟੀ ਦੇ ਸਕੱਤਰ ਜਨਰਲ ਵਜੋਂ ਸਿਰਸਾ ਦੇ ਕਾਰਜਕਾਲ ਦੌਰਾਨ ਹੋਈ ਕਥਿਤ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਿਰਸਾ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ। ਪੁਲੀਸ ਨੇ ਦੱਸਿਆ ਕਿ ਸਿਰਸਾ ਅਤੇ ਹੋਰਨਾਂ ਖ਼ਿਲਾਫ਼ ਕਮੇਟੀ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਵਿੱਚ ਵੀਰਵਾਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਚੱਲ ਰਹੀ ਹੈ। ਇਹ ਮਾਮਲਾ ਟੈਂਟਾਂ ਤੇ ਹੋਰ ਮਦਦ ਨਾਲ ਜੁੜਿਆ ਹੋਇਆ ਹੈ ਤੇ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸਨ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮਨਜਿੰਦਰ ਸਿੰਘ ਸਿਰਸਾ ਦੀ ਸਖ਼ਤ ਨਿੰਦਾ ਕੀਤੀ ਸੀ। ਮਾਮਲੇ ਦੀ ਸ਼ਿਕਾਇਤ ਭੁਪਿੰਦਰ ਸਿੰਘ ਨੇ ਕੀਤੀ ਸੀ ਜੋ ਸਰਨਾ ਧੜੇ ਦੇ ਨੇੜੇ ਹਨ। ਦਿੱਲੀ ਕਮੇਟੀ ਨੇ ਇਹ ਕੇਸ ਦਰਜ ਹੋਣ ਪਿੱਛੇ ਭਾਜਪਾ ਦਾ ਹੱਥ ਦੱਸਿਆ ਹੈ। ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਉਤੇ ਵੀ ਨਿਸ਼ਾਨਾ ਸੇਧਿਆ ਗਿਆ ਹੈ।
ਕੇਸ ਦਰਜ ਹੋਣ ’ਤੇ ਸੁਖਬੀਰ ਨੇ ਕੇਂਦਰ ’ਤੇ ਨਿਸ਼ਾਨਾ ਸੇਧਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਜ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਮੇਟੀ ਖ਼ਿਲਾਫ਼ ਕੂੜ ਪ੍ਰਚਾਰ ਮੁਹਿੰਮ ਵਿੱਢੀ ਗਈ ਹੈ ਤੇ ਇਸੇ ਤਹਿਤ ਸਿਰਸਾ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲੰਗਰ ਦੀ ਸੇਵਾ ਤੇ ਮਨੁੱਖਤਾ ਦੀ ਹੋਰ ਕਈ ਤਰੀਕੇ ਨਾਲ ਮਦਦ ਕਰਦੇ ਰਹੇ ਹਨ। ਦਿੱਲੀ ਬਾਰਡਰਾਂ ’ਤੇ ਕਿਸਾਨ ਅੰਦੋਲਨ ਦੀ ਮਦਦ ਕਰ ਰਹੇ ਹਨ। ਇਸੇ ਲਈ ਹੁਣ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ਦੁਨੀਆ ਭਰ ਵਿਚ ਬੈਠੇ ਪੰਜਾਬੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੇ ਸਾਰੇ ਹਮਾਇਤੀਆਂ ਨੂੰ ਡਰਾਉਣ-ਧਮਕਾਉਣ ਲਈ ਵਰਤੀਆਂ ਜਾ ਰਹੀਆਂ ਤਰਕੀਬਾਂ ਵੇਖ ਕੇ ਹੈਰਾਨ-ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਦਿੱਲੀ ਗੁਰਦੁਆਰਾ ਕਮੇਟੀ ਪਿੱਛੇ ਪੈ ਗਿਆ ਹੈ ਕਿਉਂਕਿ ਇਹ ਕਿਸਾਨ ਅੰਦੋਲਨ ਨੂੰ ਸਹਾਇਤਾ ਦੇਣ ਵਿਚ ਸਭ ਤੋਂ ਮੂਹਰੇ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹੀਆਂ ਕਾਇਰਾਨਾ ਹਰਕਤਾਂ ਨਾਲ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੋਈ ਅਸਰ ਨਹੀਂ ਪਵੇਗਾ ਤੇ ਉਹ ਕਿਸਾਨ ਭਰਾਵਾਂ ਦੀ ਮਦਦ ਤੋਂ ਪਿੱਛੇ ਨਹੀਂ ਹਟੇਗੀ। ਬਾਦਲ ਨੇ ਵੀਰਵਾਰ ਦੇਰ ਰਾਤ ਬਿਲਾਸਪੁਰ ਵਿਚ ਸਿਰਸਾ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਨਿਖੇਧੀ ਕੀਤੀ। ਸਿਰਸਾ ਉੱਥੇ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਗਏ ਸਨ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਸੁਖਬੀਰ ਨੇ ਕਿਹਾ ਕਿ ਇਹ ਲੋਕਤੰਤਰ ਦੀ ਆਵਾਜ਼ ਦੱਬਣ ਦੇ ਬਰਾਬਰ ਹੈ।