ਦਲੇਰ ਸਿੰਘ ਚੀਮਾ
ਭੁਲੱਥ, 25 ਜੁਲਾਈ
ਨਡਾਲਾ-ਭੁਲੱਥ ਸੜਕ ’ਤੇ ਲੱਗੇ ਥਾਂ-ਥਾਂ ਕੂੜੇ ਦੇ ਢੇਰਾਂ ਨੂੰ ਰੋਜ਼ਾਨਾ ਚੁੱਕਣ ਦੀ ਥਾਂ ਅੱਗ ਲਾ ਕੇ ਸਾੜਿਆ ਜਾਂਦਾ ਹੈ ਅਤੇ ਦੁਕਾਨਾਂ ਦੇ ਸਾਹਮਣੇ ਲੰਮੇ ਸਮੇਂ ਤੱਕ ਕੂੜਾ ਖਿੱਲਰਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਸਬੰਧਤ ਕਰਮਚਾਰੀ ਲਾਪਰਵਾਹੀ ਨਾਲ ਬਾਜ਼ਾਰ ਵਿੱਚ ਕੂੜੇ ਨੂੰ ਇਕੱਠਾ ਕਰਕੇ ਅੱਗ ਲਾ ਦਿੰਦੇ ਹਨ, ਜਿਸ ਕਾਰਨ ਨੇੜਲੇ ਦੁਕਾਨਦਾਰਾਂ ਤੇ ਘਰਾਂ ਵਾਲਿਆਂ ਨੂੰ ਦੂਸ਼ਿਤ ਧੂੰਏਂ ਕਾਰਨ ਸਾਹ ਵਿੱਚ ਦਿੱਕਤ ਆਉਂਦੀ ਹੈ। ਇਸ ਤੋਂ ਬਿਮਾਰੀਆਂ ਫ਼ੈਲਣ ਦਾ ਵੀ ਖ਼ਦਸ਼ਾ ਹੈ। ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਸਫ਼ਾਈ ਕਰਮਚਾਰੀ ਰੱਖੇ ਹੋਏ ਹਨ, ਪਰ ਇਕ ਕਰਮਚਾਰੀ ਨੂੰ ਕਦੇ ਵੀ ਕੰਮ ਕਰਦੇ ਨਹੀਂ ਵੇਖਿਆ। ਉਨ੍ਹਾਂ ਦੱਸਿਆ ਕਿ ਇਥੇ ਵੈਲਡਿੰਗ ਦੀਆਂ ਦੁਕਾਨਾਂ, ਕਾਲਜ, ਦੋ ਹੋਰ ਸਕੂਲ, ਪੁਲੀਸ ਚੌਕੀ, ਦੁਕਾਨਾਂ, ਬੈਂਕ ਤੋਂ ਇਲਾਵਾ ਇੱਕ ਗੁਰਦੁਆਰਾ ਸਾਹਿਬ ਵੀ ਹੈ, ਜਿਥੇ ਸਵੇਰੇ ਸ਼ਾਮ ਆਉਂਦੀਆਂ ਸੰਗਤਾਂ ਤੋਂ ਇਲਾਵਾ ਆਮ ਰਾਹਗੀਰ ਵੀ ਗੰਦਗੀ ਤੋਂ ਕਾਫੀ ਪ੍ਰੇਸ਼ਾਨ ਹਨ। ਇਸ ਦੌਰਾਨ ਲੋਕਾਂ ਨੇ ਈਓ ਨਡਾਲਾ ਤੋਂ ਮੰਗ ਕੀਤੀ ਕਿ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇ। ਉਧਰ ਜਦੋਂ ਇਹ ਮਾਮਲਾ ਐਸਡੀਐਮ ਭੁਲੱਥ ਬਲਬੀਰ ਰਾਜ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨਗਰ ਪੰਚਾਇਤ ਪ੍ਰਸ਼ਾਸਨ ਨੂੰ ਇਸ ਸੜਕ ਤੋਂ ਕੂੜੇ ਦੇ ਢੇਰ ’ਤੇ ਬਣਿਆ ਡੰਪ ਹਟਾਉਣ ਦੇ ਆਦੇਸ਼ ਦਿੱਤੇ। ਦੂਜੇ ਪਾਸੇ ਈਓ ਦਲਜੀਤ ਸਿੰਘ ਨੇ ਆਖਿਆ ਕਿ ਕਿਸੇ ਵੀ ਕਰਮਚਾਰੀ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।