ਚੋਹਲਾ ਸਾਹਿਬ (ਪੱਤਰ ਪ੍ਰੇਰਕ): ਇੱਥੋਂ ਥੋੜ੍ਹੀ ਦੂਰ ਕਸਬਾ ਸਰਹਾਲੀ ਕਲਾਂ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਭਾਅ ਪੂਰੇ ਨਾ ਮਿਲਣ ਅਤੇ ਮੌਸਮ ਦੀ ਕਰੋਪੀ ਕਾਰਨ ਪਹਿਲਾਂ ਹੀ ਉਨ੍ਹਾਂ ਸਿਰ ਕਰਜ਼ੇ ਹਨ ਉੱਪਰੋਂ ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਸਿਰ ਕਰਜ਼ੇ ਦਾ ਭਾਰ ਹੋਰ ਵੀ ਬਹੁਤ ਜ਼ਿਆਦਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਬੈਂਕਾਂ, ਸੁਸਾਇਟੀਆਂ ਆਦਿ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਹਨ। ਸਰਕਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ਮਾਫ ਕਰਕੇ ਨਵੇਂ ਸਿਰੇ ਤੋਂ ਕਿਸਾਨਾਂ ਨੂੰ ਬਿਨਾਂ ਵਿਆਜ ਕਰਜ਼ਾ ਦੇਵੇ, ਜੇਕਰ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ ਖ਼ਿਲਾਫ਼ ਸਰਕਾਰ ਅਤੇ ਬੈਂਕਾਂ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਕੀਤੀ ਤਾਂ ਕਿਸਾਨ ਜਥੇਬੰਦੀ ਆਪਣੀਆਂ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਵਿਸ਼ਾਲ ਕਰਜ਼ਾ ਮੁਕਤੀ ਅੰਦੋਲਨ ਆਰੰਭ ਕਰੇਗੀ।