ਨਵੀਂ ਦਿੱਲੀ, 23 ਮਈ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਐਲੋਪੈਥੀ (ਅੰਗਰੇਜ਼ੀ ਚਕਿੱਤਸਾ ਪ੍ਰਣਾਲੀ) ਦਵਾਈਆਂ ਬਾਰੇ ਯੋਗ ਗੁਰੂ ਰਾਮਦੇਵ ਵੱਲੋਂ ਦਿੱਤੇ ਬਿਆਨ ਨੂੰ ‘ਬੇਹੱਦ ਮੰਦਭਾਗਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਮਦੇਵ ਦਾ ਬਿਆਨ ਕਰੋਨਾ ਯੋਧਿਆਂ ਦਾ ਮਨੋਬਲ ਡੇਗਣ ਵਾਲਾ ਹੈ। ਹਰਸ਼ਵਰਧਨ ਨੇ ਇਕ ਪੱਤਰ ਲਿਖ ਕੇ ਰਾਮਦੇਵ ਨੂੰ ਆਪਣਾ ਵਿਵਾਦਿਤ ਬਿਆਨ ਵਾਪਸ ਲੈਣ ਲਈ ਆਖਿਆ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਦੇ ਹਵਾਲੇ ਨਾਲ ਬੀਤੇ ਦਿਨੀਂ ਕਿਹਾ ਸੀ ਕਿ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਐਲੋਪੈਥੀ ‘ਬਕਵਾਸ ਵਿਗਿਆਨ’ ਹੈ ਤੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਵੱਲੋਂ ਕੋਵਿਡ-19 ਦੇ ਇਲਾਜ ਲਈ ਮਨਜ਼ੂਰ ਕੀਤੇ ਗਏ ਰੈਮਡੇਸਿਵਿਰ, ਫੈਵੀਫਲੂ ਤੇ ਹੋਰ ਅਜਿਹੀਆਂ ਦਵਾਈਆਂ ਬਿਮਾਰੀ ਦਾ ਇਲਾਜ ਕਰਨ ਵਿੱਚ ਅਸਫ਼ਲ ਰਹੀਆਂ ਹਨ। ਆਈਐੱਮਏ ਮੁਤਾਬਕ ਰਾਮਦੇਵ ਨੇ ਕਿਹਾ, ‘‘ਐਲੋਪੈਥੀ ਦਵਾਈਆਂ ਲੈਣ ਮਗਰੋਂ ਲੱਖਾਂ ਦੀ ਗਿਣਤੀ ਵਿੱਚ ਮਰੀਜ਼ਾਂ ਦੀ ਮੌਤ ਹੋਈ ਹੈ।’’ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਨੇ ਹਾਲਾਂਕਿ ਇਨ੍ਹਾਂ ਟਿੱਪਣੀਆਂ ਦਾ ਖੰਡਨ ਕਰਦਿਆਂ ‘ਗ਼ਲਤ’ ਕਰਾਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ, ‘ਤੁਹਾਡਾ ਬਿਆਨ ਕਰੋਨਾ ਯੋਧਿਆਂ ਦਾ ਨਿਰਾਦਰ ਤੇ ਦੇਸ਼ ਦੀਆਂ ਭਾਵਨਾਵਾਂ ਨੂੰ ਸੱਟ ਮਾਰਦਾ ਹੈ। ਤੁਹਾਡਾ ਇਹ ਬਿਆਨ ਸਿਹਤ ਕਰਮੀਆਂ ਦੇ ਮਨੋਬਲ ਨੂੰ ਡੇਗ ਸਕਦਾ ਹੈ। ਇਸ ਨਾਲ ਕੋਵਿਡ-19 ਖ਼ਿਲਾਫ਼ ਲੜਾਈ ਕਮਜ਼ੋਰ ਹੋ ਸਕਦੀ ਹੈ।’ -ਪੀਟੀਆਈ