ਨਵੀਂ ਦਿੱਲੀ, 24 ਜੂਨ
ਯੂਕੇ ਹਾਈ ਕੋਰਟ ’ਚ ਹਵਾਲਗੀ ਖ਼ਿਲਾਫ਼ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਵੱਲੋਂ ਦਾਖ਼ਲ ਪਹਿਲੇ ਪੜਾਅ ਦੀ ਅਪੀਲ ਰੱਦ ਹੋ ਜਾਣ ਮਗਰੋਂ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਉਸ ਦੀ ਫੌਰੀ ਹਵਾਲਗੀ ਦੇ ਯਤਨ ਲਗਾਤਾਰ ਜਾਰੀ ਰੱਖੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਉਨ੍ਹਾਂ ਯੂਕੇ ਹਾਈ ਕੋਰਟ ਦੇ ਫ਼ੈਸਲੇ ਦਾ ਨੋਟਿਸ ਲਿਆ ਹੈ। ਇਕ ਹੋਰ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬਾਗਚੀ ਨੇ ਕਿਹਾ ਕਿ ਉਸ ਖ਼ਿਲਾਫ਼ ਚੱਲ ਰਹੀ ਕਾਨੂੰਨੀ ਕਾਰਵਾਈ ਲਈ ਭਾਰਤ, ਡੌਮੀਨਿਕਾ ਦੇ ਅਧਿਕਾਰੀਆਂ ਦੇ ਸੰਪਰਕ ’ਚ ਹੈ। ਆਸਟਰੇਲੀਆ ਦੀ ਜੇਲ੍ਹ ’ਚ ਬੰਦ 24 ਵਰ੍ਹਿਆਂ ਦੇ ਵਿਸ਼ਾਲ ਜੂਡ ਬਾਰੇ ਬਾਗਚੀ ਨੇ ਕਿਹਾ ਕਿ ਹੁਣ ਇਹ ਮਾਮਲਾ ਆਸਟਰੇਲੀਆ ਦੀ ਅਦਾਲਤ ’ਚ ਹੈ ਅਤੇ ਵਿਸ਼ਾਲ ਨੂੰ ਸਫ਼ਾਰਤੀ ਰਸਾਈ ਦਿੱਤੀ ਗਈ ਹੈ ਤੇ ਹਾਈ ਕਮਿਸ਼ਨ ਆਸਟਰੇਲੀਆ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਕੱਟੜਪੰਥੀ ਜ਼ਾਕਿਰ ਨਾਇਕ ਦੀ ਮਲੇਸ਼ੀਆ ਤੋਂ ਹਵਾਲਗੀ ਬਾਰੇ ਤਰਜਮਾਨ ਨੇ ਕਿਹਾ ਕਿ ਜ਼ਾਕਿਰ ਨੂੰ ਭਾਰਤ ਲਿਆਉਣ ਲਈ ਮਲੇਸ਼ੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇਸ ਬਾਰੇ ਹੋਰ ਕੁਝ ਅਪਡੇਟ ਨਹੀਂ ਹੈ। -ਪੀਟੀਆਈ