ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਪੈਟਰੋਲ ਅਤੇ ਡੀਜ਼ਲ ਦੀਆਂ ਹਰ-ਰੋਜ਼ ਵਧਾਈਆਂ ਜਾ ਰਹੀਆਂ ਕੀਮਤਾਂ ਦਾ ਸਭ ਤੋਂ ਵੱਧ ਅਸਰ ਕਿਸਾਨੀ ਉੱਪਰ ਪੈਣ ਲੱਗਿਆ ਹੈ। ਅੱਜ-ਕੱਲ੍ਹ ਜਦੋਂ ਕਿਸਾਨ ਸਾਉਣੀ ਦੀ ਬਿਜਾਈ ਵਿੱਚ ਉਲਝਿਆ ਹੋਇਆ ਹੈ ਤਾਂ ਉਸ ਨੂੰ ਹਾਲ ਹੀ ਵਿੱਚ ਵਧਾਏ ਡੀਜ਼ਲ ਦੀਆਂ ਕੀਮਤਾਂ ਵੱਧ ਤਾਰਨੀਆਂ ਪੈ ਰਹੀਆਂ ਹਨ।
ਲੋਕਾਂ ਨੇ ਕਿਹਾ ਕਿ ਡੀਜ਼ਲ ਕੀਮਤਾਂ ਵਿਚ ਉਪਰੋਥਲੀ ਵਾਰ-ਵਾਰ ਵਾਧਾ ਕਰਕੇ ਪਹਿਲਾਂ ਹੀ ਲੋਕਾਂ ਨੂੰ ਨਪੀੜਿਆ ਜਾ ਚੁੱਕਿਆ ਹੈ ਅਤੇ ਹੁਣ ਡੀਜ਼ਲ ਦੇ ਹਰ ਰੋਜ਼ ਵਾਧੇ ਨਾਲ ਸਮੁੱਚੇ ਅਰਥਚਾਰੇ ਤੇ ਕਾਰੋਬਾਰ ਉਪਰ ਬਹੁਤ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।
ਡੀਜ਼ਲ ਦੀਆਂ ਹਰ-ਰੋਜ਼ ਵਧਦੀਆਂ ਕੀਮਤਾਂ ਨੇ ਸਭ ਤੋਂ ਵੱਧ ਕਿਸਾਨੀ ਦਾ ਲੱਕ ਤੋੜਿਆ ਹੈ। ਕਿਸਾਨਾਂ ਨੂੰ ਹੁਣ ਫ਼ਸਲ ਬੀਜਣ ਤੋਂ ਲੈ ਕੇ ਫ਼ਸਲ ਦੀ ਕਟਾਈ ਤੱਕ ਡੀਜ਼ਲ ਦੀ ਲੋੜ ਪੈਣ ਲੱਗੀ ਹੈ। ਸਮੇਂ ਸਿਰ ਨਹਿਰੀ ਪਾਣੀ ਅਤੇ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਬੇਲੋੜਾ ਮਹਿੰਗਾ ਡੀਜ਼ਲ ਫੂਕਿਆ ਜਾ ਰਿਹਾ ਹੈ। ਕਿਸਾਨੀ ਦੇ ਕਰਜ਼ਈ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਡੀਜ਼ਲ ਦੀ ਮਹਿੰਗਾਈ ਵੀ ਮੰਨਿਆ ਜਾਣ ਲੱਗਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਪੈਟਰੋਲੀਅਮ ਪਦਾਰਥਾਂ ’ਤੇ ਬਹੁਤ ਜ਼ਿਆਦਾ ਟੈਕਸ ਲਗਾ ਰਹੀ ਹੈ ਜਿਸ ਦਾ ਭਾਅ ਆਮ ਆਦਮੀ ’ਤੇ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਸਰਕਾਰ ਦਾ ਟੈਕਸ ਵੀ ਵੱਧਦਾ ਰਹਿੰਦਾ ਹੈ, ਜੋ ਆਮ ਆਦਮੀ ਦੇ ਸਿਰ ਤੋਂ ਇਕੱਠਾ ਕੀਤਾ ਜਾਂਦਾ ਹੈ ਅਤੇ ਅਕਸਰ ਰਿਆਇਤਾਂ ਦੇ ਗੱਫੇ ਵੱਡੀਆਂ ਕੰਪਨੀਆਂ ਨੂੰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਰਨਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਥੱਲੇ ਜਾ ਰਹੀਆਂ ਹਨ, ਫਿਰ ਭਾਰਤੀ ਪ੍ਰਧਾਨ ਮੰਤਰੀ ਨੂੰ ਕਿਸੇ ਦੇ ਦਬਾਅ ਹੇਠ ਆਕੇ ਅਜਿਹੀਆਂ ਕੀਮਤਾਂ ਨੂੰ ਵਾਰ-ਵਾਰ ਵਧਾਇਆ ਜਾ ਰਿਹਾ ਹੈ।