ਪੇਈਚਿੰਗ: ਚੀਨ ਨੇ ਪਾਕਿਸਤਾਨ ਨਾਲ ਮਿਲ ਕੇ ਉਸਾਰੇ ਜਾ ਰਹੇ ਪ੍ਰਾਜੈਕਟ ‘ਸੀਪੀਈਸੀ’ ਦਾ ਅੱਜ ਮੁੜ ਬਚਾਅ ਕਰਦਿਆਂ ਕਿਹਾ ਕਿ ਇਹ ਇਕ ਆਰਥਿਕ ਉਪਰਾਲਾ ਹੈ ਤੇ ਇਸ ਨਾਲ ਕਸ਼ਮੀਰ ਮੁੱਦੇ ’ਤੇ ਚੀਨ ਦੇ ਸਿਧਾਂਤਕ ਰੁਖ਼ ਉਤੇ ਕੋਈ ਅਸਰ ਨਹੀਂ ਪਿਆ ਹੈ। ਜ਼ਿਕਰਯੋਗ ਹੈ ਕਿ 60 ਅਰਬ ਡਾਲਰ ਦਾ ਚੀਨ-ਪਾਕਿਸਤਾਨ ਆਰਥਿਕ ਲਾਂਘਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚੋਂ ਹੋ ਕੇ ਗੁਜ਼ਰਦਾ ਹੈ। ਭਾਰਤ ਇਸ ’ਤੇ ਕਈ ਵਾਰ ਇਤਰਾਜ਼ ਜ਼ਾਹਿਰ ਕਰ ਚੁੱਕਾ ਹੈ। ਚੀਨ ਤੇ ਪਾਕਿਸਤਾਨ ਨੇ ਆਪਣੇ ਕੂਟਨੀਤਕ ਰਿਸ਼ਤਿਆਂ ਦੇ 70 ਵਰ੍ਹੇ ਪੂਰੇ ਹੋਣ ’ਤੇ ‘ਸੀਪੀਈਸੀ’ ਪ੍ਰਾਜੈਕਟ ’ਤੇ ਚੱਲ ਰਹੇ ਕੰਮ ਦੀ ਸ਼ਲਾਘਾ ਕੀਤੀ ਹੈ। ਇਸ ਲਾਂਘੇ ਤਹਿਤ ਚੀਨ ਦੇ ਸ਼ਿਨਜਿਆਂਗ ਸੂਬੇ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਦੀ ਗਵਾਦੜ ਬੰਦਰਗਾਹ ਨਾਲ ਜੋੜਿਆ ਗਿਆ ਹੈ ਤੇ ਰਸਤੇ ਵਿਚ ਵੱਡੇ ਪ੍ਰਾਜੈਕਟ ਉਸਾਰੇ ਗਏ ਹਨ। ਚੀਨ ਪਹਿਲਾਂ ਵੀ ਇਸ ਪ੍ਰਾਜੈਕਟ ਦਾ ਬਚਾਅ ਕਰਦਾ ਰਿਹਾ ਤੇ ਕਹਿੰਦਾ ਰਿਹਾ ਹੈ ਕਿ ਇਹ ਲਾਂਘਾ ਕਿਸੇ ਤੀਜੇ ਮੁਲਕ ਖ਼ਿਲਾਫ਼ ਨਹੀਂ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ‘ਬੈਲਟ ਐਂਡ ਰੋਡ ਇਨੀਸ਼ਿਏਟਿਵ’ (ਬੀਆਰਆਈ) ਇਕ ਖੁੱਲ੍ਹਾ ਕੌਮਾਂਤਰੀ ਆਰਥਿਕ ਤਾਲਮੇਲ ਉੱਦਮ ਹੈ। ਇਸ ਦਾ ਮੰਤਵ ਖੇਤਰੀ ਸੰਪਰਕ ਵਧਾਉਣਾ ਤੇ ਵਿਕਾਸ ਦੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਸੀਪੀਈਸੀ’ ਨੂੰ ਅਫ਼ਗਾਨਿਸਤਾਨ ਵੱਲ ਵੀ ਵਧਾਇਆ ਜਾ ਰਿਹਾ ਹੈ ਕਿਉਂਕਿ ਇਹ ਮੁਲਕ ਗਵਾਦੜ ਤੇ ਕਰਾਚੀ ਬੰਦਰਗਾਹ ਰਾਹੀਂ ਦਰਾਮਦ-ਬਰਾਮਦ ਕਰਦਾ ਹੈ। -ਪੀਟੀਆਈ