ਸੁਰਜੀਤ ਭਗਤ
ਹਸਪਤਾਲੋਂ ਆਏ ਨੂੰ ਹਫਤਾ ਕੁ ਹੀ ਹੋਇਆ ਸੀ। ਅਪਰੈਲ ਦਾ ਅਜੇ ਪਹਿਲਾ ਪੰਦਰਵਾੜਾ ਸੀ ਕਿ ਗਰਮੀ ਨੇ ਆਪਣੇ ਰੰਗ ਦਿਖਾਉਣੇ ਆਰੰਭ ਕਰ ਦਿੱਤੇ। ਵਾਕਫੀਅਤ ਦਾ ਘੇਰਾ ਵਸੀਹ ਹੋਣ ਕਾਰਨ ਕੁਦਰਤੀ ਸੀ ਕਿ ਮੇਰੀ ਮਿਜ਼ਾਜਪੁਰਸੀ ਲਈ ਆਏ ਸੱਜਣਾਂ ਦੀ ਸਫ਼ ਟੁੱਟਣ ਵਿਚ ਨਹੀਂ ਸੀ ਆਉਂਦੀ। ਚਾਹ ਦਾ ਪਤੀਲਾ ਸਾਰਾ ਸਾਰਾ ਦਿਨ ਚੁੱਲ੍ਹੇ ਤੇ ਰਹਿੰਦਾ। ਅਜਿਹੇ ਹੀ ਇੱਕ ਦਿਨ ਜਦੋਂ ਮੇਰਾ ਪਤਾ ਲੈਣ ਲਈ ਕੁਝ ਸੱਜਣ ਕਮਰੇ ਵਿਚ ਬੈਠੇ ਸਨ ਤਾਂ ਹੇਠਾਂ ਦਰਵਾਜ਼ੇ ਦੀ ਘੰਟੀ ਵੱਜੀ। ਉਪਰੋਂ ਦੇਖਿਆ ਤਾਂ ਅਨਜਾਣ ਜਿਹੇ ਅੱਧਖੜ ਉਮਰ ਦੇ ਦੋ ਸੱਜਣ ਖੜ੍ਹੇ ਸਨ। ਪੌੜੀਆਂ ਚੜ੍ਹ ਕੇ ਉੱਪਰ ਆਏ ਤਾਂ ਪਤਾ ਲੱਗਾ ਕਿ ਉਹ ਸਰਕਾਰ ਦੀ ਆਟਾ ਦਾਲ ਸਕੀਮ ਲਈ ਯੋਗ ਪਰਿਵਾਰਾਂ ਦਾ ਸਰਵੇਖਣ ਕਰ ਰਹੇ ਸਨ। ਉਨ੍ਹਾਂ ਦੇ ਬੈਠਦੇ ਸਾਰ ਹੀ ਪਾਣੀ ਆਇਆ ਤਾਂ ਲੱਗਾ, ਜਿਵੇਂ ਪਾਣੀ ਉਨ੍ਹਾਂ ਨੂੰ ਮਸਾਂ ਹੀ ਮਿਲਿਆ ਹੋਵੇ।
“ਸ਼਼ੁਕਰ ਐ ਜੀ ਕਿਸੇ ਨੇ ਪਾਣੀ ਤਾਂ ਪੁੱਛਿਆ।” ਉਨ੍ਹਾਂ ਵਿਚੋਂ ਇੱਕ ਨੇ ਪਾਣੀ ਦੇ ਗਿਲਾਸ ਲੈ ਕੇ ਆਈ ਛੋਟੀ ਬੱਚੀ ਵੱਲ ਦੇਖਦਿਆਂ ਕਿਹਾ।
“ਇੱਦਾਂ ਦੀ ਕੋਈ ਗੱਲ ਨੀ ਭਾਅ ਜੀ, ਤੁਹਾਨੂੰ ਚਾਹ ਵੀ ਪਿਲਾ ਕੇ ਤੋਰਾਂਗੇ।” ਮੈਂ ਉਨ੍ਹਾਂ ਦਾ ਮਾਣ ਰੱਖਦਿਆਂ ਕਿਹਾ ਹਾਲਾਂਕਿ ਮੈਨੂੰ ਉਨ੍ਹਾਂ ਦੀ ਗੱਲ ਸੁਣ ਕੇ ਸ਼ਰਮਿੰਦਗੀ ਦਾ ਅਹਿਸਾਸ ਹੋ ਰਿਹਾ ਸੀ ਕਿ ਮੇਰੇ ਪੂਰੇ ਇਲਾਕੇ ਵਿਚ ਕਿਸੇ ਇੱਕ ਨੇ ਵੀ ਘਰ ਘਰ ਫਿਰਦੇ ਇਨ੍ਹਾਂ ਕਰਮਚਾਰੀਆਂ ਨੂੰ ਪਾਣੀ ਦਾ ਘੁੱਟ ਵੀ ਨਹੀਂ ਸੀ ਪੁੱਛਿਆ। ਹਾਂ, ਇਹ ਗੱਲ ਵੱਖਰੀ ਸੀ ਕਿ ਉਨ੍ਹਾਂ ਦੇੇ ਚਿਹਰੇ ਤੇ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਹੁਣ ਉਹ ਅਜਿਹੇ ਘਰ ਆਏ ਹਨ ਜਿੱਥੇ ਉਨ੍ਹਾਂ ਦੀ ਬਣਦੀ ਕਦਰ ਪੈ ਰਹੀ ਹੈ।
ਖੈਰ, ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਚਾਹ ਪੀਣ ਬਾਅਦ ਉਨ੍ਹਾਂ ਪਰਿਵਾਰ ਦੀ ਆਮਦਨ ਬਾਰੇ ਪੁੱਛਦਿਆਂ ਖੁਲਾਸਾ ਕੀਤਾ ਕਿ ਉਹ ਹੈਰਾਨ ਹਨ ਕਿ ਇਸ ਸਾਰੇ ਇਲਾਕੇ ਵਿਚ ਇੱਕ ਵੀ ਪਰਿਵਾਰ ਉਨ੍ਹਾਂ ਨੂੰ ਅਜਿਹਾ ਨਹੀਂ ਮਿਲਿਆ ਜਿਸ ਦੀ ਸਾਲਾਨਾ ਆਮਦਨ … … … ਤੋਂ ਵੱਧ ਹੋਵੇ ਹਾਲਾਂਕਿ ਸਭ ਦੇ ਘਰਾਂ ਵਿਚ ਸਕੂਟਰ ਅਤੇ ਕਈਆਂ ਦੇ ਘਰਾਂ ਅੱਗੇ ਕਾਰਾਂ ਵੀ ਖੜ੍ਹੀਆਂ ਸਨ, ਦੇਖਣ ਪਾਖਣ ਨੂੰ ਉਨ੍ਹਾਂ ਦਾ ਜੀਵਨ ਪੱਧਰ ਕਾਫੀ ਚੰਗਾ ਸੀ। ਸਿਰਫ ਸਸਤਾ ਆਟਾ ਦਾਲ ਦੇ ਚੱਕਰ ਵਿਚ ਹੀ ਸਾਰਿਆਂ ਨੇ ਆਪਣੀ ਆਮਦਨ ਘੱਟ ਲਿਖਵਾਈ ਸੀ। ਸਾਰੇ ਆਪੂੰ ਬਣੇ ਗਰੀਬ ਸਨ।
“ਹੁਣ ਤੁਸੀ ਦੱਸੋ ਜੀ ਕਿੱਦਾਂ ਕਰਨਾ? ਜਿੱਦਾਂ ਕਹਿੰਨੇ ਓ, ਓਦਾਂ ਈ ਕਰ ਦਿੰਨੇ ਆਂ।” ਉਹ ਸ਼ਾਇਦ ਮੇਰੇ ਘਰੋਂ ਪੀਤੇ ਚਾਹ ਪਾਣੀ ਦਾ ਲਾਹਾ ਦੇਣ ਦੇ ਰੌਂਅ ਵਿਚ ਸਨ। ਦੋਹਾਂ ਨੇ ਇੱਕ ਦੂਜੇ ਨਾਲ ਭੇਤ ਭਰੇ ਢੰਗ ਨਾਲ ਨਜ਼ਰਾਂ ਮਿਲਾਈਆਂ।
“ਕਰਨਾ ਕੀ ਆ ਜੀ, ਜਿੰਨੀ ਆਮਦਨ ਐ, ਓਨੀ ਲਿਖਵਾ ਦਿਆਂਗੇ।” ਮੈਂ ਜਵਾਬ ਦਿੱਤਾ।
“ਜਿੱਦਾਂ ਕਹੋਗੇ, ਓਦਾਂ ਹੀ ਕਰ ਲਾਂ’ਗੇ ਜੀ।” ਉਹ ਮੇਰਾ ਪੂਰਾ ਲਿਹਾਜ਼ ਕਰਨ ਦਾ ਪੱਕਾ ਮੂਡ ਬਣਾਈ ਬੈਠੇ ਸਨ।
“ਲਿਖ ਲੋ ਜੀ … … … ਰੁਪਏ ਮਹੀਨਾ।” ਮੈਂ ਅੰਕੜਾ ਦੱਸਿਆ।
“ਹੈਂ! ਇਸ ਹਿਸਾਬ ਨਾਲ ਤਾਂ ਸਾਲਾਨਾ … … … ਬਣ ਗਏ।” ਉਹਨੇ ਸਕੀਮ ਲਾਗੂ ਨਾ ਕਰ ਸਕਣ ਦੀ ਮਾਯੂਸੀ ਵਾਲਾ ਮੂੰਹ ਬਣਾਇਆ।
“ਫਿਰ ਕੀ ਆ ਜੀ, ਇਸ ਤੋਂ ਇਲਾਵਾ ਅਖਬਾਰ ਕਾਲਮ ਲਿਖਣ ਦੇ ਵੀ ਪੈਸੇ ਦਿੰਦੀ ਆ ਜੀ।” ਮੈਂ ਮਾਣ ਨਾਲ ਦੱਸਿਆ।
“ਫਿਰ ਤੁਹਾਡਾ ਤਾਂ ਮੁਸ਼ਕਿਲ ਹੋ ਜਾਣੈ, ਥੋੜ੍ਹਾ ਘੱਟ ਲਿਖਾ ਲਓ, ਕਰ ਲੈਂਦੇ ਆ ਸਕੀਮ ਚ ਤੁਹਾਨੂੰ ਵੀ ਸ਼ਾਮਿਲ।’’ ਉਹ ਮੇਰੇ ਤੇ ਪੂਰੀ ਤਰ੍ਹਾਂ ਮਿਹਰਬਾਨ ਹੋਏ ਜਾਪਦੇ ਸਨ।
“ਜੇ ਮੇਰੀ ਆਮਦਨ ਵੱਧ ਹੈ ਤਾਂ ਫਿਰ ਮੈਂ ਕਿਉਂ ਕਿਸੇ ਗਰੀਬ ਦਾ ਹੱਕ ਖੋਹਵਾਂ, ਮੇਰੀ ਜ਼ਮੀਰ ਇਜਾਜ਼ਤ ਨੀ ਦਿੰਦੀ।’’ ਮੈਂ ਆਪਣਾ ਇਰਾਦਾ ਸਪੱਸ਼ਟ ਕੀਤਾ।
“ਅਸੀਂ ਤਾਂ ਕਈ ‘ਗਰੀਬਾਂ’’ ਦੇ ਦਰਾਂ ਅੱਗੇ ਕਾਰਾਂ ਵੀ ਦੇਖੀਆਂ ਨੇ, ਤੁਹਾਡੇ ਤਾਂ ਮੋਟਰਸਾਈਕਲ ਹੀ ਥੱਲੇ ਖੜ੍ਹਾ ਦੇਖਿਐ।’’ ਇੱਕ ਨੇ ਗੁੱਝੀ ਟਕੋਰ ਲਾਈ।
“ਉਹ ਕਾਰਾਂ ਵਾਲੇ ਗਰੀਬ ਹੋਣੇ ਨੇ ਜੋ ਸਸਤਾ ਆਟਾ ਦਾਲ ਸਕੀਮ ਲੈਣ ਲਈ ਰਾਸ਼ਨ ਡੀਪੂਆਂ ਦੇ ਗੇੜੇ ਕੱਢਣ ਦੇ ਸ਼ੌਕੀਨ ਨੇ। ਸਾਨੂੰ ਤਾਂ ਭਰਾਵਾ ਅਜੇ ਤੱਕ ਇਹ ਵੀ ਨਹੀਂ ਪਤਾ ਕਿ 1992 ਚ ਬਣਿਆ ਸਾਡਾ ਰਾਸ਼ਨ ਕਾਰਡ ਕਿਹੜੇ ਡੀਪੂ ਨਾਲ ਸਬੰਧਿਤ ਹੈ।’’ ਮੇਰਾ ਜਵਾਬ ਸੁਣ ਕੇ ਉਹ ਹੱਸਿਆ।
ਵੈਸੇ ਮੈਂ ਉਨ੍ਹਾਂ ਦੋ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ ਜਿਨ੍ਹਾਂ ਨੇ ਉਸ ਸਮੇਂ ਵੀ ਕਾਰਾਂ ਰੱਖੀਆਂ ਹੋਈਆਂ ਸਨ ਪਰ ਆਪਣੀ ਘੱਟ ਆਮਦਨ ਦਿਖਾ ਕੇ ਖੁਦ ਨੂੰ ਆਟਾ ਦਾਲ ਸਕੀਮ ਵਿਚ ਸ਼ਾਮਿਲ ਕਰਵਾਇਆ ਹੋਇਆ ਸੀ।
“ਫਿਰ ਤੁਸੀਂ ਮੋਟਰ ਸਾਈਕਲਾਂ ਵਾਲੇ ਕਾਰਾਂ ਵਾਲਿਆਂ ਤੋਂ ਅਮੀਰ ਹੋਏ?’’ ਉਹਨੇ ਕਿਹਾ।
“ਹਾਂ ਜੀ ਭਾਅ ਜੀ, ਮੈਂ ਇਸ ਮਾਮਲੇ ਚ ਗਰੀਬ ਗੁਰਬਾ ਹੀ ਹਾਂ।” ਮੈਂ ਨਹਿਲੇ ਤੇ ਦਹਿਲਾ ਮਾਰਿਆ।
ਇਹ ਸੁਣਦਿਆਂ ਸਾਰ ਹੀ ਦੋਵੇਂ ਜਣੇ ਕਮਰੇ ਚੋਂ ਉੱਠ ਕੇ ਬਾਹਰ ਚਲੇ ਗਏ। ਮੇਰੀ ਨਜ਼ਰ ਪੌੜ੍ਹੀਆਂ ਵਾਲੇ ਪਾਸੇ ਸੌਖੀ ਹੀ ਜਾ ਸਕਦੀ ਸੀ। ਮੈਂ ਤਾਂ ਉਨ੍ਹਾਂ ਨੂੰ ਪੌੜ੍ਹੀਆਂ ਉਤਰਦੇ ਦੇਖ ਰਿਹਾ ਸਾਂ ਪਰ ਉਹ ਵੀ ਪੌੜੀਆਂ ਉੱਤਰਦੇ ਉੱਤਰਦੇ ਪਿਛਾਂਹ ਮੁੜ ਮੁੜ ਕੇ ਮੈਨੂੰ ਦੇਖ ਰਹੇ ਸਨ। ਸ਼ਾਇਦ ਪੂਰੇ ਇਲਾਕੇ ਵਿਚ ਉਨ੍ਹਾਂ ਨੂੰ ਇੱਕੋ ਅਮੀਰ ਬੰਦਾ ਮਿਲਿਆ ਸੀ!
ਸੰਪਰਕ: 94172-07477