ਜੈਪੁਰ, 27 ਮਈ
ਇੱਥੋਂ ਦੇ ਹਸਪਤਾਲ ਵਿੱਚ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ ਵੱਲੋਂ ਮ੍ਰਿਤਕ ਐਲਾਨੇ ਗਏ ਵਿਅਕਤੀ ਨੇ ਆਪਣੇ ਸਸਕਾਰ ਦੇ ਹਫ਼ਤੇ ਮਗਰੋਂ ਘਰ ਪਰਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਜੈਪੁਰ ਦੇ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਆਰਕੇ ਹਸਪਤਾਲ ਵਿੱਚ ਇਲਾਜ ਅਧੀਨ ਗੋਵਰਧਨ ਪ੍ਰਜਾਪਤ ਨਾਂ ਦੇ ਵਿਅਕਤੀ ਦੀ ਲਾਸ਼ ਨੂੰ ਅਣਪਛਾਤਾ ਕਰਾਰ ਦੇ ਕੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਸੀ ਅਤੇ ਇਸੇ ਲਾਸ਼ ਨੂੰ ਬਾਅਦ ਵਿੱਚ ਰਿਸ਼ਤੇਦਾਰਾਂ ਨੇ ਗਲਤੀ ਨਾਲ ਓਮਕਾਰ ਲਾਲ ਗਡੁਲੀਆ ਸਮਝ ਕੇ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਸਸਕਾਰ ਕਰ ਦਿੱਤਾ ਸੀ। ਪੁਲੀਸ ਅਨੁਸਾਰ ਸ਼ਰਾਬ ਦਾ ਆਦੀ ਗਡੁਲੀਆ 11 ਮਈ ਨੂੰ ਪਰਿਵਾਰ ਨੂੰ ਦੱਸੇ ਬਗੈਰ ਉਦੈਪੁਰ ਚਲਾ ਗਿਆ ਸੀ। ਉੱਥੇ ਜਿਗਰ ਨਾਲ ਸਬੰਧਤ ਸਮੱਸਿਆ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸੇ ਦਿਨ ਹੀ ਕੁਝ ਸਮਾਜ ਸੇਵੀਆਂ ਵੱਲੋਂ ਪ੍ਰਜਾਪਤ ਨੂੰ ਮੋਹੀ ਇਲਾਕੇ ਤੋਂ ਆਰਕੇ ਹਸਪਤਾਲ ਲਿਆਂਦਾ ਗਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਕੰਕਰੋਲੀ ਪੁਲੀਸ ਥਾਣੇ ਦੇ ਐੱਸਐੱਚਓ ਯੋਗੇਂਦਰ ਵਿਆਸ ਨੇ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਅਥਾਰਿਟੀ ਵੱਲੋਂ ਇੱਕ ਅਣਪਛਾਤੀ ਲਾਸ਼ ਦੀ ਸੂਚਨਾ ਮਿਲੀ, ਜਿਸ ਦੀ ਸੱਜੇ ਹੱਥ ’ਤੇ ਨਿਸ਼ਾਨ ਦੇ ਅੰਦਾਜ਼ੇ ਨਾਲ ਪਰਿਵਾਰਕ ਮੈਂਬਰਾਂ ਨੇ ਗਡੁਲੀਆ ਵਜੋਂ ਸ਼ਨਾਖ਼ਤ ਕੀਤੀ ਅਤੇ ਪੁਲੀਸ ਨੇ ਬਿਨਾਂ ਪੋਸਟ-ਮਾਰਟਮ ਅਤੇ ਡੀਐੱਨਏ ਟੈਸਟ ਦੇ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ। ਪਰਿਵਾਰ ਨੇ 15 ਮਈ ਨੂੰ ਲਾਸ਼ ਦੀਆਂ ਅੰਤਿਮ ਰਸਮਾਂ ਕੀਤੀਆਂ ਅਤੇ 23 ਮਈ ਨੂੰ ਗਡੁਲੀਆ ਨੇ ਘਰ ਪਰਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਬਾਅਦ ਵਿੱਚ ਪੁਲੀਸ ਵੱਲੋਂ ਕੀਤੀ ਗਈ ਛਾਣਬੀਨ ਦੌਰਾਨ ਪਤਾ ਲੱਗਿਆ ਕਿ ਪਰਿਵਾਰ ਨੂੰ ਸੌਂਪੀ ਗਈ ਲਾਸ਼ ਗੋਵਰਧਨ ਪ੍ਰਜਾਪਤ ਦੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਲਾਸ਼ ਨੂੰ ਅਣਪਛਾਤਾ ਐਲਾਨਣ ਸਬੰਧੀ ਹਸਪਤਾਲ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆਰਕੇ ਹਸਪਤਾਲ ਦੇ ਪ੍ਰਮੁੱਖ ਸਿਹਤ ਅਧਿਕਾਰੀ ਲਲਿਤ ਪੁਰੋਹਿਤ ਨੇ ਕਿਹਾ ਕਿ ਨਰਸਿੰਗ ਅਤੇ ਮੁਰਦਾਘਰ ਦੇ ਸਟਾਫ ਦੀ ਅਣਗਹਿਲੀ ਕਾਰਨ ਅਜਿਹਾ ਹੋਇਆ ਹੈ, ਜਿਸ ਸਬੰਧੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ