ਦੇਹਰਾਦੂਨ, 8 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ’ਤੇ ਉੱਤਰ ਪ੍ਰਦੇਸ਼ ਦਾ ਹਿੱਸਾ ਹੁੰਦੇ ਸਮੇਂ ਤੇ ਉਸ ਤੋਂ ਵੱਖ ਹੋਣ ਮਗਰੋਂ ਉੱਤਰਾਖੰਡ ਲਈ ਕੁਝ ਵੀ ਨਾ ਕਰਨ ਦੋਸ਼ ਲਾਉਂਦਿਆਂ ਸੂਬਾ ਵਾਸੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ’ਚ ਕੋਈ ਵੀ ਗਲਤੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉੱਤਰਾਖੰਡ ਦੇ ਵਿਕਾਸ ਵਿੱਚ ਰੁਕਾਵਟਾਂ ਪਾਉਣ ਵਾਲੇ ਸੱਤਾ ਵਿੱਚ ਆ ਗਏ ਤਾਂ ਉਹ (ਮੋਦੀ) ਵੀ ਸੂਬੇ ਲਈ ਜ਼ਿਆਦਾ ਕੁਝ ਨਹੀਂ ਕਰ ਸਕਣਗੇ। ਨੈਨੀਤਾਲ ’ਚ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਲੋਕਾਂ ਨੂੰ ‘ਡਬਲ ਇੰਜਣ’ ਦੀ ਸਰਕਾਰ ਲਈ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਇਹ ਦਹਾਕਾ ਉੱਤਰਾਖੰਡ ਦੇ ਨਾਮ ਹੋਵੇਗਾ। ਉਨ੍ਹਾਂ ਨੇ ਕਾਂਗਰਸ ਦੇ ਨਾਅਰੇ ‘ਚਾਰ ਧਾਮ-ਚਾਰ ਕਾਮ’ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚਾਰ ਕੰਮ ‘ਇੱਕ ਪਰਿਵਾਰ ਸੇਵਾ, ਵਿਕਾਸ ਪ੍ਰਾਜੈਕਟਾਂ ਨੂੰ ਰੋਕਣਾ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ’ ਹਨ।
ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀ ’ਤੇ ਉੱਤਰਾਖੰਡ ਵਿੱਚ ਇੱਕ ਮੁਸਲਿਮ ਯੂਨੀਵਰਸਿਟੀ ਬਣਾਉਣ ਦੇ ਕਥਿਤ ਵਾਅਦੇ ਦਾ ਦੋਸ਼ ਲਾਉਂਦਿਆਂ ਕਿਹਾ, ‘‘ਇਸ ਪਾਰਟੀ ਦੀ ਤੁਸ਼ਟੀਕਰਨ ਦੀ ਰਾਜਨੀਤੀ ਹੈ।’’ -ਪੀਟੀਆਈ