ਬੈਲਗ੍ਰੇਡ: ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਰਵੀ ਦਹੀਆ ਅੱਜ ਇੱਥੇ 57 ਕਿਲੋ ਕੁਆਲੀਫਿਕੇਸ਼ਨ ਗੇੜ ਵਿੱਚ ਉਜ਼ਬੇਕਿਸਤਾਨ ਦੇ ਗੁਲੋਮਜੋਨ ਅਬਦੁਲਾਏਵ ਤੋਂ ਹਾਰ ਕੇ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਿਆ ਹੈ। ਦੂਜੇ ਪਾਸੇ ਨਵੀਨ ਨੇ 70 ਕਿਲੋ ਵਰਗ ਦੇ ਰੀਪੇਚੇਜ ਵਿੱਚ ਉਜ਼ਬੇਕਿਸਤਾਨ ਦੇ ਸਿਰਬਾਜ਼ ਤਲਗਟ ਨੂੰ 11-3 ਨਾਲ ਹਰਾ ਕੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਥਾਂ ਬਣਾਈ ਹੈ। ਦੁਨੀਆਂ ਦਾ ਦੂਜੇ ਦਰਜੇ ਦਾ ਪਹਿਲਵਾਨ ਦਹੀਆ 0-10 ਨਾਲ ਹਾਰ ਗਿਆ। ਦਹੀਆ ਰੀਪੇਚੇਜ ਗੇੜ ਵਿੱਚ ਹਿੱਸਾ ਨਹੀਂ ਲੈ ਸਕਦਾ ਕਿਉਂਕਿ ਅਬਦੁਲਾਏਵ ਅਲਬੇਨੀਅਨ ਪਹਿਲਵਾਨ ਜ਼ੇਲਿਮਖਾਨ ਅਬਾਕਾਰੋਵ ਤੋਂ ਹਾਰ ਗਿਆ ਸੀ। ਨਵੀਨ ਦੀ ਜਿੱਤ ਨੇ ਉਸ ਨੂੰ ਸਿੱਧੇ ਤੌਰ ’ਤੇ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਪਹੁੰਚਾ ਦਿੱਤਾ ਕਿਉਂਕਿ ਉਸ ਦਾ ਅਗਲੇ ਗੇੜ ਦਾ ਵਿਰੋਧੀ ਇਲਿਆਸ ਬੇਕਬੁਲਾਤੋਵ (ਉਜ਼ਬੇਕਿਸਤਾਨ) ਸੱਟ ਕਾਰਨ ਖੇਡ ਨਹੀਂ ਸਕਿਆ। -ਪੀਟੀਆਈ