ਜਤਿੰਦਰ ਬੈਂਸ
ਗੁਰਦਾਸਪੁਰ, 27 ਸਤੰਬਰ
ਸਰਹੱਦੀ ਪਿੰਡਾਂ ਅੰਦਰ ਬਾਰਸ਼ਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇੱਕਠੇ ਹੋ ਕੇ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਦੀ ਅਗਵਾਈ ਹੇਠ ਡਰੇਨ ਵਿਭਾਗ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਬੁਲਾਰਿਆਂ ਕਿਹਾ ਕਿ ਇਲਾਕੇ ਦੇ ਸਰਹੱਦੀ ਪਿੰਡ ਝਬਕਰਾ, ਓਗਰਾ, ਕਾਹਨਾ, ਜੈਨਪੁਰ ਅਤੇ ਟਾਂਡਾ ਸਮੇਤ ਹੋਰਨਾਂ ਪਿੰਡਾਂ ਅੰਦਰ ਚਿਰਾਂ ਤੋਂ ਬਰਸਾਤੀ ਪਾਣੀ ਖੜਾ ਹੋਣ ਕਾਰਨ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਾਉਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਨਹੀਂ ਕੀਤੀ ਗਈ ਜਿਸ ਕਾਰਨ ਤੈਅ ਪ੍ਰੋਗਰਾਮ ਅਨੁਸਾਰ ਅੱਜ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ ਹੈ। ਸੁਖਦੇਵ ਸਿੰਘ ਅੱਲੜਪਿੰਡੀ, ਹਰਭਜਨ ਸਿੰਘ, ਡਾ. ਹਰਦੀਪ ਸਿੰਘ, ਸੁਖਵਿੰਦਰ ਸਿੰਘ, ਜਤਿੰਦਰ ਸਿੰਘ ਵਰਿਆਂ, ਮਹਿੰਦਰ ਸਿੰਘ ਥੰਮਣ, ਦਲਬੀਰ ਸਿੰਘ ਠੁੰਡੀ, ਰਣਬੀਰ ਸਿੰਘ ਡੁੱਗਰੀ, ਗੁਰਪ੍ਰੀਤ ਸਿੰਘ, ਸੋਹਣ ਸਿੰਘ ਕਾਲਾਨੰਗਲ, ਚਰਨਜੀਤ ਸਿੰਘ ਪੀਰਾਂਬਾਗ, ਸੁਖਦੇਵ ਕੌਰ ਅਤੇ ਰਮਨਦੀਪ ਕੌਰ ਨੇ ਸੰਬੋਧਨ ਕਰਦੇ ਕਿਹਾ ਕਿ ਇਲਾਕੇ ਅੰਦਰ ਬਰਸਾਤੀ ਪਾਣੀ ਹਰੇਕ ਸਾਲ ਹੀ ਫ਼ਸਲ ਬਰਬਾਦ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਮੱਸਿਆ ਦਾ ਕੋਈ ਹੱਲ ਕਰਨ ਦੀ ਬਜ਼ਾਏ ਕੁੰਭਕਰਨੀ ਨੀਂਦ ਸੁੱਤਾ ਹੈ।
ਇਸ ਦੌਰਾਨ ਹੀ ਡਰੇਨ ਵਿਭਾਗ ਦੇ ਐੱਸਡੀਓ ਨੇ ਧਰਨਾਕਾਰੀ ਕਿਸਾਨਾਂ ਨੂੰ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਹੜ੍ਹਾਂ ਦੇ ਡਰੋਂ ਕੰਮ ਵਿੱਚ ਦੇਰੀ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜ ਅਕਤੂਬਰ ਤੱਕ ਪਾਣੀ ਦੀ ਨਿਕਾਸੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਭਰੋਸੇ ਮਗਰੋਂ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਦਾ ਧਰਨਾ ਚੁੱਕ ਲੈਣ ਦਾ ਐਲਾਨ ਕਰ ਦਿੱਤਾ ਗਿਆ।