ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ , 27 ਸਤੰਬਰ
ਵਿਧਾਨ ਸਭਾ ਦੇ ਸੈਸ਼ਨ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਸੈਸ਼ਨ ਸਿਰਫ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਦਲ ਵਜੋਂ ਪੇਸ਼ ਕਰਨ ਵਾਸਤੇ ਸੱਦਿਆ ਹੈ ਨਾ ਕਿ ਖੇਤੀਬਾੜੀ ਸੰਕਟ ਸਮੇਤ ਪੰਜਾਬ ਨੂੰ ਦਰਪੇਸ਼ ਭਖਦੇ ਮਸਲਿਆਂ ’ਤੇ ਚਰਚਾ ਕਰਨ ਵਾਸਤੇ ਸੱਦਿਆ ਹੈ। ਉਹ ਇਥੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੇ ਖਿਲਾਫ਼ ਦਾਇਰ ਮਾਣਹਾਣੀ ਕੇਸ ਦੀ ਸੁਣਵਾਈ ਸਬੰਧੀ ਅਦਾਲਤ ਵਿੱਚ ਆਏ ਸਨ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਕਦੇ ਵੀ ਵਿਧਾਨ ਸਭਾ ਨੂੰ ਆਪ ਦੀ ਅੰਦਰੂਨੀ ਰਾਜਨੀਤੀ ਵਾਸਤੇ ਵਰਤਣ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਪਹਿਲਾਂ ਹੀ ਇਸ ਗੱਲ ਤੋਂ ਔਖੇ ਹਨ ਕਿ ਪੰਜਾਬ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਚਲਾਇਆ ਜਾ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ, ਝੋਨੇ ਵਿੱਚ ਬਿਮਾਰੀ ਕਾਰਨ ਹੋਣ ਵਾਲੇ ਨੁਕਸਾਨ, ਲੰਪੀ ਚਮੜੀ ਰੋਗ ਕਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਸਮੇਤ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੁੰ 1500 ਰੁਪਏ ਏਕੜ ਦਾ ਮੁਆਵਜ਼ਾ ਨਹੀ ਦੇ ਰਹੀ।