ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 24 ਜੂਨ
ਇਲਾਕੇ ’ਚ ਲੰਘਦੇ ਸੇਮ ਨਾਲਿਆਂ (ਡਰੇਨਾਂ) ਦੀ ਸਫ਼ਾਈ ਨਾ ਹੋਣ ਕਾਰਨ ਹਰ ਵਰ੍ਹੇ ਇਨ੍ਹਾਂ ਦਿਨਾਂ ’ਚ ਪਾਣੀ ਬੁਦਬੂ ਮਾਰਨ ਲੱਗ ਜਾਂਦਾ ਹੈ। ਇਨ੍ਹਾਂ ’ਚ ਲੋਕ ਗੰਦਗੀ ਸੁੱਟ ਰਹੇ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸ਼ਹਿਰ ਦੇ ਪੂਰਬ ਵਾਲੇ ਪਾਸੇ ਲੰਘਦੀ ਜੱਸੋਵਾਲ ਡਰੇਨ ਜੋ ਕਿ ਪਿੰਡ ਮਲਕ ਵਿੱਚ ਦੀ ਹੋ ਕੇ ਲੀਲਾਂ ਮੇਘ ਸਿੰਘ ਤੋਂ ਅੱਗੇ ਜਾਂਦੀ ਹੈ, ਦੀ ਸਫ਼ਾਈ ਹੋਈ ਨੂੰ ਬਹੁਤ ਸਾਲ ਬੀਤ ਗਏ ਹਨ। ਮੌਜੂਦਾ ਸਮੇਂ ’ਚ ਇਸ ਡਰੇਨ ਵਿੱਚ ਖੜ੍ਹਾ ਪਾਣੀ ਬੁਦਬੂ ਮਾਰਨ ਲੱਗ ਗਿਆ ਹੈ। ਢਾਬਿਆਂ ਵਾਲੇ ਅਤੇ ਕੱਚਾ-ਪੱਕਾ ਮੀਟ ਵੇਚਣ ਵਾਲੇ ਇਸ ਨਾਲੇ ਦੇ ਕੰਢੇ ਬਚਿਆ-ਖੁੱਚਿਆ ਮਾਲ ਸੁੱਟ ਕੇ ਇਸ ਨੂੰ ਹੋਰ ਵੀ ਗੰਦਾ ਕਰ ਰਹੇ ਹਨ। ਡਰੇਨ ਵਿਭਾਗ ਨੇ ਕਦੇ ਵੀ ਆਪਣੇ ਫਰਜ਼ਾਂ ’ਤੇ ਪਹਿਰਾ ਨਹੀਂ ਦਿੱਤਾ। ਲੋਕ ਇਸ ਉਪਰ ਖੜ੍ਹੇ ਦਰੱਖ਼ਤਾਂ ਨੂੰ ਕੱਟ ਕੇ ਲੈ ਜਾਂਦੇ ਹਨ। ਜਿਨ੍ਹਾਂ ਲੋਕਾਂ ਦੇ ਇਸ ਡਰੇਨ ਕਿਨਾਰੇ ਗੋਦਾਮ ਵਗੈਰਾ ਲੱਗਦੇ ਹਨ। ਉਨ੍ਹਾਂ ਵੱਲੋਂ ਨਿੱਤ ਦਿਨ ਹੌਲੀ-ਹੌਲੀ ਜਗ੍ਹਾ ’ਤੇ ਕਬਜ਼ਾ ਵੀ ਕੀਤਾ ਜਾ ਰਿਹਾ ਹੈ। ਪਹਿਲਾਂ ਇਨ੍ਹਾਂ ਡਰੇਨਾਂ ’ਚ ਮੀਹ ਦਾ ਵਾਧੂ ਪਾਣੀ ਪਾਇਆ ਜਾਂਦਾ ਸੀ ਤਾਂ ਜੋ ਫ਼ਸਲਾਂ ਅਤੇ ਘਰਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ ਪਰ ਹੁਣ ਇਨ੍ਹਾਂ ਡਰੇਨਾਂ ਦੀ ਸਾਂਭ ਸੰਭਾਲ ਅਤੇ ਸਫ਼ਾਈ ਨਾ ਹੋਣ ਕਾਰਨ ਇਹ ਸਰਾਪ ਬਣਦੀਆਂ ਜਾ ਰਹੀਆਂ ਹਨ।
ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇਗਾ: ਅਧਿਕਾਰੀ
ਉਪ-ਮੰਡਲ ਮੈਜਿਸਟਰੇਟ ਨਰਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਉਨ੍ਹਾਂ ਦੇ ਧਿਆਨ ’ਚ ਇਹ ਮਸਲਾ ਆ ਗਿਆ ਹੈ। ਉਹ ਜਲਦੀ ਸਬੰਧਤ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਬੁਲਾ ਕੇ ਗੱਲ ਕਰਨਗੇ।