ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 21 ਮਈ
ਅਹਿਮਦਗੜ੍ਹ ਸ਼ਹਿਰ ਦੇ ਘਰਾਂ ਅੰਦਰ ਭਰੇ ਹੋਏ ਕੂੜਾਦਾਨ ਅਤੇ ਨਗਰ ਕੌਂਸਲ ਦਫ਼ਤਰ ਵਿੱਚ ਮੁਹੱਲਿਆਂ ਵਿੱਚੋਂ ਇਕੱਠਾ ਕੀਤੇ ਹੋਏ ਕੂੜੇ ਨਾਲ ਭਰੀਆਂ ਟਰਾਲੀਆਂ ਹਰ ਆਉਣ ਜਾਣ ਵਾਲੇ ਦਾ ਸਵਾਗਤ ਕਰਦੀਆਂ ਹਨ। ਇਸ ਵਿੱਚ ਸਫਾਈ ਮਜ਼ਦੂਰਾਂ ਦਾ ਕੋਈ ਕਸੂਰ ਨਹੀਂ ਦੱਸਿਆ ਗਿਆ ਕਿਉਂਕਿ ਕੌਂਸਲ ਵੱਲੋਂ ਕਿਰਾਏ ’ਤੇ ਲਏ ਹੋਏ ਡੰਪ ਕਈ ਦਿਨ ਪਹਿਲਾਂ ਭਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਸਵੱਛ ਭਾਰਤ ਮਿਸ਼ਨ ਵੱਲੋਂ ਸੰਗਰੂਰ ਜ਼ੋਨ ਦੀ ਸਭ ਤੋਂ ਅੱਵਲ ਕੌਸਲ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਕਮੇਟੀ ਦਾ ਨਾਂ ਹੁਣ ਉਸ ਲਿਸਟ ਵਿੱਚ ਹੈ ਜਿਨ੍ਹਾਂ ਨੂੰ ਗਿੱਲਾ, ਸੁੱਕਾ ਕੂੜਾ ਛਾਂਟਣ ਸਬੰਧੀ ਸਿਫਾਰਸ਼ਾਂ ਨਾ ਲਾਗੂ ਕਰ ਸਕਣ ਕਰਕੇ ਜੁਰਮਾਨਾ ਲਗਾਇਆ ਗਿਆ ਹੈ। ਜਨਸੰਖਿਆ ਵਿੱਚ ਵਾਧਾ, ਕੌਂਸਲ ਦੀ ਸੀਮਾ ਦਾ ਵਧਣਾ ਅਤੇ ਸੇਵਾ ਮੁਕਤ ਹੋਣ ਵਾਲੇ ਸਫਾਈ ਮਜ਼ਦੂਰਾਂ ਦੀ ਥਾਂ ਰੈਗੂਲਰ ਭਰਤੀ ’ਤੇ ਲੱਗੀ ਰੋਕ ਤੋਂ ਇਲਾਵਾ ਲੋਕਾਂ ਦੀ ਬਦਲੀ ਜੀਵਨ ਸ਼ੈਲੀ ਦਾ ਬਦਲਣਾ ਉਹ ਕਾਰਕ ਗਿਣਾਏ ਗਏ ਜਿਨ੍ਹਾਂ ਦੀ ਬਦੌਲਤ ਠੋਸ ਕੂੜੇ ਦਾ ਪ੍ਰਬੰਧ ਕਰਨਾ ਨਗਰ ਕੌਂਸਲ ਲਈ ਟੇਢੀ ਖੀਰ ਬਣ ਗਿਆ ਹੈ। ਕਸਬੇ ਦੇ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਬੀਤੇ ਲੰਮੇ ਸਮੇਂ ਤੋਂ ਸ਼ਹਿਰ ਅੰਦਰ ਸਫਾਈ ਦਾ ਬਹੁਤ ਮਾੜਾ ਹਾਲ ਹੋਇਆ ਹੈ। ਪਹਿਲਾਂ ਘਰਾਂ ਤੋਂ ਇਕੱਠਾ ਕਰਕੇ ਕੂੜਾ ਥਾਂ ਥਾਂ ਤੇ ਖੁੱਲ੍ਹਾ ਪਿਆ ਰਹਿੰਦਾ ਸੀ ਹੁਣ ਸਫਾਈ ਸੇਵਕਾਂ ਨੂੰ ਘਰਾਂ ਵਿੱਚੋਂ ਕੂੜਾ ਚੁੱਕਣ ਲਈ ਮਨ੍ਹਾਂ ਕਰ ਦਿੱਤਾ ਗਿਆ ਹੈ। ਇਸ ਨਾਲ ਬਹੁ ਗਿਣਤੀ ਘਰਾਂ ਵਿੱਚ ਰੱਖੇ ਹੋਏ ਕੂੜਾਦਾਨ ਨੱਕੋ ਨੱਕ ਭਰ ਚੁੱਕੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਘਰਾਂ ਤੋਂ ਕੂੜਾ ਇਕੱਠਾ ਕਰਵਾ ਕੇ ਬਿਮਾਰੀ ਫੈਲਣ ਵਾਲੇ ਹਾਲਾਤ ਪੈਦਾ ਹੋਣ ਤੋਂ ਰੋਕੇ ਜਾਣ। ਲੋਕਾਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਕ੍ਰਿਸ਼ਨ ਟੰਡਨ ਦੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਕਿਰਾਏ ’ਤੇ ਲਏ ਹੋਏ ਡੰਪ ਦੀ ਸਮਰਥਾ ਪੂਰੀ ਹੋ ਜਾਣ ਕਰਕੇ ਕੂੜਾ ਚੁੱਕਿਆ ਨਹੀਂ ਗਿਆ ਅਤੇ ਪਹਿਲਾਂ ਚੁੱਕਿਆ ਕੂੜਾ ਵੀ ਟਰਾਲੀਆਂ ਵਿੱਚ ਢਕ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲ ਵੱਲੋਂ ਹੋਰ ਜ਼ਮੀਨ ਕਿਰਾਏ ’ਤੇ ਲੈ ਲਈ ਗਈ ਹੈ ਅਤੇ ਬਹੁਤ ਜਲਦੀ ਉੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਜਾਵੇਗਾ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਕੂੜੇ ਦੀ ਛਾਂਟੀ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਿੱਚ ਕੌਂਸਲ ਦੀ ਮਦਦ ਕੀਤੀ ਜਾਵੇ।