ਡਾ. ਸੁਰਿੰਦਰ ਗਿੱਲ
ਮੇਰਾ ਜਨਮ 6 ਮਾਰਚ 1941 ਦੇ ਅਭਾਗੇ ਦਿਨ ਮੇਰੇ ਨਾਨਕਾ ਪਿੰਡ ਪੰਡੋਰੀ (ਨੇੜੇ ਮਹਿਲ ਕਲਾਂ) ਜ਼ਿਲ੍ਹਾ ਸੰਗਰੂਰ ਵਿਚ ਮਾਤਾ ਦਲੀਪ ਕੌਰ ਦੀ ਕੁੱਖੋਂ ਹੋਇਆ। ਮੇਰੇ ਬਾਪੂ ਜੀ ਸ੍ਰੀ ਸੌਦਾਗਰ ਸਿੰਘ ਗਿੱਲ ਪਿੰਡ ਰੁੰਮੀ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਸਨ ਅਤੇ ਕਿੱਤੇ ਵਜੋਂ ਅਧਿਆਪਕ ਸਨ।
ਨਾਨਕੇ ਪਿੰਡ ਪੰਡੋਰੀ ਵਿਖੇ ਹੀ ਮੈਂ ਸੁਰਤ ਸੰਭਾਲੀ। ਘਰ ਵਿਚ ਮੇਰੇ ਨਾਨਾ ਨਾਨੀ ਸਨ, ਇਕ ਮੁਟਿਆਰ ਮਾਸੀ ਸੁਰਜੀਤ ਕੌਰ ‘ਜੀਤੋ’, ਇਕ ਮੇਰੀ ਹੀ ਉਮਰ ਦੀ ਮਾਸੀ ਦਰਸ਼ੋ (ਦਰਸ਼ਨ ਕੌਰ) ਅਤੇ ਮੇਰੀ ਮਾਤਾ ਸ੍ਰੀਮਤੀ ਦਲੀਪ ਕੌਰ ਸੀ ਜਿਸਨੂੰ ਸਾਰੇ ਦੀਪੋ ਕਹਿੰਦੇ ਸਨ। ਸਭ ਪਰਿਵਾਰ ਵਾਲਿਆਂ ਦੀ ਰੀਸ ਨਾਲ ਮੈਂ ਵੀ ਦੀਪੋ ਹੀ ਆਖਦਾ।
ਘਰ ਦੀ ਸਰਦਲ ਲੰਘਦਿਆਂ ਇਕ ਵੱਡਾ ਕਮਰਾ ਜਾਂ ਸਬ੍ਹਾਤ ਸੀ। ਅੱਗੇ ਹੋਰ ਕਮਰੇ। ਸੱਜੇ ਪਾਸੇ ਵਾਲਾ ਕਮਰਾ ‘ਦੀਪੋ ਦਾ ਕਮਰਾ’ ਸੀ। ਉਹ ਸਦਾ ਆਪਣੇ ਪਲੰਘ ’ਤੇ ਪਈ ਰਹਿੰਦੀ- ਕਦੇ ਬੈਠ ਕੇ ਬਾਰੀ ਵਿਚੋਂ ਬਾਹਰ ਵੱਲ ਦੇਖਦੀ ਰਹਿੰਦੀ ਪਰ ਬਾਹਰ ਘੱਟ ਹੀ ਆਉਂਦੀ। ਘਰੋਂ ਬਾਹਰ ਜਾਣ ਜਾਂ ਅੰਦਰ ਆਉਣ ਸਮੇਂ ਮੈਂ ਉਸ ਵੱਲ ਦੇਖਦਾ ਅਤੇ ਅੰਦਰ ਵੜਨ ਲੱਗਦਾ ਤਾਂ ਉਹ ਲਈ ਚਾਦਰ ਵਿਚੋਂ ਆਪਣੀ ਪਤਲੀ ਜੇਹੀ ਕਮਜ਼ੋਰ ਬਾਂਹ ਬਾਹਰ ਕੱਢ ਕੇ ਆਪਣਾ ਹੱਥ ਬਾਹਰ ਵੱਲ ਹਿਲਾਉਂਦੀ ਤੇ ਕਹਿੰਦੀ, ‘‘ਤੂੰ ਨਾ ਅੰਦਰ ਆ, ਬਾਹਰ ਚੱਲ ਬਾਹਰ। ਜਾਹ ਖੇਡ ਮੇਰਾ ਪੁੱਤ।’’
ਮੈਂ ਕਦੇ ਉਸ ਦੇ ਪਾਸ ਤਾਂ ਕੀ, ਉਹਦੇ ਕਮਰੇ ਵਿਚ ਵੀ ਨਾ ਗਿਆ। ਸਦਾ ਦਰਵਾਜ਼ੇ ਦੇ ਬਾਹਰ ਖੜ੍ਹ ਕੇ ਹੀ ਦੇਖਦਾ ਤੇ ਅੱਗੇ ਲੰਘ ਜਾਂਦਾ।
ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਖੜ੍ਹ ਕੇ ਮੈਂ ਵਸਦੀ ਬੀਹੀ ਵੱਲ ਦੇਖਦਾ। ਪਿੰਡ ਦੇ ਕਿਸਾਨ ਆਪਣੇ ਬਲਦਾਂ, ਮੱਝੀਆਂ (ਮੱਝਾਂ), ਗਊਆਂ, ਭੇਡਾਂ, ਬੱਕਰੀਆਂ ਦੇ ਇੱਜੜਾਂ ਨੂੰ ਸ਼ਸ਼ਕੇਰਦੇ ਸਵੇਰ ਸਮੇਂ ਖੇਤਾਂ ਵੱਲ ਜਾਂਦੇ ਅਤੇ ਆਥਣ ਵੇਲੇ ਵਾਪਸ ਘਰਾਂ ਜਾਂ ਊਠਾਂ ਤੇ ਸਵਾਰ ਬੜੀ ਮੜ੍ਹਕ ਨਾਲ ਜਾਂਦੇ ਦਿਸਦੇ। ਕੋਈ ਊਠ ਜਿਸ ਨੂੰ ਮਲਵੇ ਵਿਚ ਬੋਤਾ ਜਾਂ ਬੋਤੀ ਕਿਹਾ ਜਾਂਦਾ ਹੈ- ਅੜੀ ਪੈ ਜਾਂਦਾ ਅਤੇ ਮਾਲਕ ਵੱਲੋਂ ਪਰਾਇਣ ਮਾਰਨ ਜਾਂ ਆਰ ਲਾਉਣ ’ਤੇ ਉੱਚੀ ਉੱਚੀ ਅੜਾਉਂਦੇ। ਅੜਾਉਂਦੇ ਸਮੇਂ ਊਠ ਦੀ ਜੀਭ ਇਕ ਅਜੀਬ ਬੁਲਬੁਲਾ ਜਾਂ ਭੂਕਾਨਾ ਜਿਹਾ ਬਣ ਕੇ ਮੂੰਹ ’ਚੋਂ ਬਾਹਰ ਨਿਕਲਦੀ ਮੈਨੂੰ ਬਹੁਤ ਚੰਗੀ ਲੱਗਦੀ। ਭੇਡਾਂ ਦੇ ਇੱਜੜ ਲੰਘਣ ਸਮੇਂ ਬੀਹੀ ਵਿਚ ਧੂੜ ਉੱਠਦੀ ਅਤੇ ਅਕਾਊ ਬੋ ਆਉਂਦੀ। ਇੱਜੜ ਦੇ ਨਾਲ ਨਾਲ ਤੁਰਦੇ ਭੇਡਾਂ ਦੇ ਨਿੱਕੇ-ਨਿੱਕੇ ਲੇਲੇ ਅਤੇ ਬੱਕਰੀਆਂ ਦੇ ਮੇਮਣੇ ਮੈਨੂੰ ਬਹੁਤ ਪਿਆਰੇ ਲੱਗਦੇ ਅਤੇ ਮੈਂ ਉਨ੍ਹਾਂ ਨੂੰ ਫੜਨ ਉਨ੍ਹਾਂ ਦੇ ਪਿੱਛੇ ਪਿੱਛੇ ਭੱਜਦਾ ਅਤੇ ਤੀਜੇ ਘਰ ਪਾਸੋਂ ਨਿਰਾਸ਼ ਵਾਪਸ ਪਰਤ ਆਉਂਦਾ।
ਇਕ ਦਿਨ ਸ਼ਾਇਦ 1945 ਦਾ ਕੋਈ ਮਨਹੂਸ ਦਿਨ। ਰੋਜ਼ ਵਾਂਗ ਮੈਂ ਆਪਣੇ ਹਾਣੀਆਂ ਸੰਗ ਖੇਡ ਕੇ ਘਰ ਨੂੰ ਆਇਆ। ਘਰ ਦੇ ਨੇੜਲੀ ਸੱਥ ਵਿਚ ਬਹੁਤ ਸਾਰੇ ਲੋਕ ਆਮ ਵਾਂਗ ਖੁੰਢਾਂ ’ਤੇ ਨਹੀਂ ਸਗੋਂ ਤੱਪੜ ਪੱਟੀਆਂ ਵਿਛਾਈ ਜ਼ਮੀਨ ’ਤੇ ਹੀ ਬੈਠੇ ਸਨ। ਨੀਵੀਆਂ ਪਾਈ ਚੁੱਪਚਾਪ। ਸਾਡੇ ਘਰ ਅੱਗੇ ਬਹੁਤ ਲੋਕ ਇੱਕਠੇ ਹੋਏ ਸਨ। ਘਰ ਅੰਦਰੋਂ ਉੱਚੀ ਉੱਚੀ ਰੋਣ ਦੀਆਂ ਭਿਆਨਕ ਆਵਾਜ਼ਾਂ ਆ ਰਹੀਆਂ ਸਨ। ਮੈਂ ਹੈਰਾਨ ਹੋ ਕੇ ਅੰਦਰ ਵੱਲ ਦੇਖਿਆ। ਮੈਨੂੰ ਦੇਖ ਕੇ ਸਭ ਨੇ ਹੋਰ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੇਰੀ ਨਾਨੀ ਅਤੇ ਕਈ ਹੋਰ ਸੁਆਣੀਆਂ ਮੇਰੇ ਸਿਰ ’ਤੇ ਹੱਥ ਰੱਖਦਿਆਂ ਮੈਨੂੰ ਆਪਣੀਆਂ ਬਾਂਹਾਂ ਵਿਚ ਘੁੱਟ ਕੇ ਰੋਣ ਲੱਗੀਆਂ। ਮੈਂ ਹੈਰਾਨ ਅਵਾਕ ਉਨ੍ਹਾਂ ਵੱਲ ਵੇਖਾਂ।
ਫਿਰ ਮੇਰੇ ਨਾਨਾ ਜੀ ਸ. ਨਿੱਕਾ ਸਿੰਘ ਜਿਨ੍ਹਾਂ ਨੂੰ ਪਿੰਡ ਦੇ ਸਾਰੇ ਲੋਕ ਕਾਲੀ ਕਹਿੰਦੇ ਸੀ, ਮੇਰੀ ਬਾਂਹ ਫੜ ਕੇ ਮੈਨੂੰ ਬਾਹਰ ਲੈ ਗਏ ਤੇ ਇਕ ਗੁਆਂਢੀ ਜਵਾਨ ਨਛੱਤਰ ਨੂੰ ਕੁਝ ਸਮਝਾਇਆ। ਨਛੱਤਰ ਮੈਨੂੰ ਮੋਰ ਵਿਖਾਉਣ ਦਾ ਲਾਲਚ ਦੇ ਕੇ ਕੁਰੜ ਪਿੰਡ ਦੇ ਰਾਹ ਵੱਲ ਖੇਤਾਂ ਵੱਲ ਲੈ ਤੁਰਿਆ। ਅੱਗੇ ਬੇਰੀਆਂ ਦੀ ਪਾਲ ਸੀ। ਉੱਥੇ ਮੈਨੂੰ ਕੋਈ ਮੋਰ ਨਾ ਦਿਸਿਆ ਤਾਂ ਨਛੱਤਰ ਨੇ ਮੈਨੂੰ ਕਿਹਾ, ‘‘ਅੱਜ ਸ਼ਾਇਦ ਮੋਰ ਦੂਜੇ ਸੂਏ ਵੱਲ ਪਾਣੀ ਪੀਣ ਗਏ ਹੋਏ ਨੇ।’’
ਅੱਧਾ ਕੁ ਘੰਟਾ ਏਧਰ ਓਪਰ ਘੁੰਮਾ ਕੇ ਉਹ ਮੈਨੂੰ ਵਾਪਸ ਘਰ ਲੈ ਆਇਆ।
ਅਸੀਂ ਘਰ ਦੇ ਨੇੜੇ ਪਹੁੰਚੇ ਤਾਂ ਪਿੰਡ ਦੀ ਸੱਥ ਪਾਸ ਨਿੱਕੇ ਮਾਹਲਾਂ (ਮਾਹਲ ਖੁਰਦ) ਦੇ ਰਾਹ ਵੱਲ ਕੁਝ ਚੁੱਕੀ ਜਾਂਦੇ ਚਾਰ ਜਵਾਨਾਂ ਦੇ ਪਿੱਛੇ ਅਣਗਿਣਤ ਲੋਕ ਨੀਵੀਆਂ ਪਾਈ ਉਦਾਸ ਤੁਰੇ ਜਾ ਰਹੇ ਦਿਸੇ। ਉਨ੍ਹਾਂ ਦੇ ਪਿੱਛੇ ਪਿੰਡ ਦੀਆਂ ਤੀਵੀਆਂ ਉੱਚੀ ਉੱਚੀ ਕੂਕਾਂ ਮਾਰ ਕੇ ਰੋਂਦੀਆਂ ਜਾ ਰਹੀਆਂ ਸਨ। ਝੱਟਪੱਟ ਨਛੱਤਰ ਨੇ ਮੈਨੂੰ ਮੋਢੇ ਚੁੱਕਿਆ ਤੇ ਵਾਪਸ ਕੁਰੜ ਦੇ ਰਾਹ ਵੱਲ ਭੱਜ ਤੁਰਿਆ ਅਤੇ ਅਸੀਂ ਘੰਟੇ ਕੁ ਪਿੱਛੋਂ ਘਰ ਪਰਤੇ।
ਘਰ ਦੇ ਬਾਹਰ ਬੀਹੀ ਵਿਚ ਪਿੰਡ ਦੇ ਬਹੁਤ ਲੋਕ ਮੇਰੇ ਨਾਨਾ ਜੀ ਦੁਆਲੇ ਧਰਤੀ ਪਰ ਵਿਛੀਆਂ ਦਰੀਆਂ ’ਤੇ ਗ਼ਮਗੀਨ ਬੈਠੇ ਸਨ। ਘਰ ਅੰਦਰੋਂ ਸਵਾਣੀਆਂ ਦੇ ਵਿਰਲਾਪ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਦੇਖਿਆ ਕਿ ਸੱਜੇ ਪਾਸੇ ਵਾਲੇ ਕਮਰੇ ਵਿਚ ਮੇਰੀ ਮਾਂ ਸਰਦਾਰਨੀ ਦਲੀਪ ਕੌਰ ਜਾਂ ਮੇਰੇ ਨਾਨੇ ਦੀ ‘ਦੀਪੋ’ ਨਹੀਂ ਸੀ। ਉਸ ਦਾ ਬਿਸਤਰਾ ਵੀ ਉੱਥੇ ਨਹੀਂ ਸੀ। ਸਿਰਫ਼ ਖਾਲੀ ਪਲੰਘ ਉੱਥੇ ਹੀ ਸੀ। ਮੇਰੇ ਬਚਪਨ ਦਾ ਹੀ ਨਹੀਂ, ਇਹ ਦਿਨ ਮੇਰੇ ਜੀਵਨ ਦਾ ਮਨਹੂਸ ਦਿਨ ਸੀ ਜਿਹੜਾ ਸਦਾ ਸਦਾ ਮੈਨੂੰ ਯਾਦ ਹੀ ਨਹੀਂ ਰਿਹਾ ਸਗੋਂ ਤੜਪਾਉਂਦਾ ਰਿਹਾ।
ਮੈਨੂੰ ਮਾਂ ਦੀਆਂ ਲੋਰੀਆਂ ਅਤੇ ਮਾਂ ਦਾ ਮੋਹ ਨਸੀਬ ਨਹੀਂ ਹੋਇਆ। ਮਾਂ ਕਿੰਨੀ ਪਿਆਰੀ ਅਤੇ ਮਹਾਨ ਹੁੰਦੀ ਹੈ, ਇਹ ਸਿਰਫ਼ ਮੈਨੂੰ ਆਪਣੇ ਦੋਸਤਾਂ ਦੇ ਘਰੀਂ ਜਾ ਕੇ ਉਨ੍ਹਾਂ ਦੀਆਂ ਮਾਵਾਂ ਦੇ ਮੋਹ ਭਰੇ ਵਿਹਾਰ ਤੋਂ ਹੀ ਅਨੁਭਵ ਹੋਇਆ।
ਸੰਪਰਕ: 99154-73505