ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 23 ਅਪਰੈਲ
ਹਲਕਾ ਸਨੌਰ ਦਾ ਟਾਂਗਰੀ ਪਾਰ ਦਾ ਇਲਾਕਾ ਜੋ ਕਿ ਹਰ ਸਾਲ ਹੜ੍ਹ ਦੀ ਮਾਰ ਹੇਠ ਰਹਿੰਦਾ ਹੈ ਅਤੇ ਇਸ ਇਲਾਕੇ ਦੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਫਸਲਾਂ ਤਬਾਹ ਹੁੰਦੀਆਂ ਹਨ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਇਥੇ ਦੂਜੀ ਵਾਰ ਆਏ। ਉਨ੍ਹਾਂ ਪਿੰਡ ਸਾਦਿਕਪੁਰ ਵੀਰਾਂ ਨੇੜੇ ਜਿੱਥੇ ਮਾਰਕੰਡਾ ਅਤੇ ਟਾਂਗਰੀ ਨਦੀ ਮਿਲਦੇ ਹਨ ਉਸ ਜਗ੍ਹਾ ਦਾ ਦੌਰਾ ਕੀਤਾ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਜੇ ਇਸ ਥਾਂ ਤੋਂ ਟਾਂਗਰੀ ਨਦੀ ਦਾ ਵੱਲ ਕੱਢਿਆ ਜਾਵੇ ਤਾਂ ਇਥੇ ਹੜ੍ਹ ਦਾ ਪਾਣੀ ਇਕੱਠਾ ਨਹੀਂ ਹੋਵੇਗਾ ਅਤੇ ਫਸਲਾਂ ਵੀ ਨਹੀਂ ਮਰਨਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਟਾਂਗਰੀ ਨਦੀ ਮਾਰਕੰਡਾ ਅਤੇ ਹੋਰ ਛੋਟੀਆਂ ਨਦੀਆਂ ਨਾਲਿਆਂ ਨੂੰ ਡੂੰਘਾ ਕਰਨ ਅਤੇ ਉਨ੍ਹਾਂ ਦੇ ਮੋੜ ਕੱਢਣ ਲਈ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਟਾਂਗਰੀ ਨਦੀ ਦੇ ਪੁਲ ਤੋਂ ਲੈ ਕੇ ਘੱਗਰ ਤੱਕ ਇਸ ਨੂੰ ਡੂੰਘਾ ਕੀਤਾ ਜਾਵੇਗਾ ਅਤੇ ਇਸ ਦੇ ਵੱਲ ਕੱਢੇ ਜਾਣਗੇ ਤਾਂ ਕਿ ਟਾਂਗਰੀ ਨਦੀ ਵਿੱਚ ਰੁਕਦੇ ਪਾਣੀ ਦਾ ਵਹਾਅ ਤੇਜ਼ ਹੋ ਸਕੇ। ਇਸ ਮੌਕੇ ਉਨ੍ਹਾਂ ਘੱਗਰ, ਟਾਂਗਰੀ, ਮਾਰਕੰਢਾ ਆਦਿ ਨਦੀਆਂ ਦੇ ਕੰਢਿਆਂ ਨੂੰ ਮਜਬੂਤ ਕਰਨ ਲਈ ਵੀ ਕਿਹਾ। ਇਸ ਮੌਕੇ ਐੱਸਡੀਐੱਮ. ਦੂਧਨਸਾਧਾਂ ਅੰਕੁਰਜੀਤ ਸਿੰਘ, ਐਕਸੀਅਨ ਰਮਨਦੀਪ ਸਿੰਘ ਬੈਂਸ, ਤਹਿਸੀਲਦਾਰ ਦੂਧਨਸਾਧਾਂ ਮਨਦੀਪ ਕੌਰ, ਨਾਇਬ ਤਹਿਸੀਲਦਾਰ ਦੁਧਨਸਾਧਾਂ, ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਜ਼ਰ ਸਨ।
ਨਟਾਸ ਵੱਲੋਂ ਡੀਸੀ ਦਾ ਸਨਮਾਨ
ਪਟਿਆਲਾ (ਪੱਤਰ ਪ੍ਰੇਰਕ): ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਨੇ ਡੀਸੀ ਸਾਕਸ਼ੀ ਸਾਹਨੀ ਦਾ ਡੀਸੀ ਕੰਪਲੈਕਸ ਵਿੱਚ ਸਾਦੇ ਸਮਾਗਮ ਵਿੱਚ ਸਨਮਾਨ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਪਟਿਆਲਾ ਦੇ ਪਹਿਲੇ ਮਹਿਲਾ ਡੀਸੀ ਬਣਨ ਅਤੇ ਉਨ੍ਹਾਂ ਵੱਲੋਂ ਕੁਸ਼ਲ ਪ੍ਰਸ਼ਾਸਨ ਅਤੇ ਕਲਾ, ਥੀਏਟਰ ਅਤੇ ਵਿਰਾਸਤ ਦੀ ਸਰਪ੍ਰਸਤੀ ਲਈ ਪ੍ਰਦਾਨ ਕੀਤਾ ਗਿਆ ਹੈ। ਇਸ ਮੌਕੇ ਨਟਾਸ ਆਗੂ ਪ੍ਰਾਣ ਸਭਰਵਾਲ ਅਤੇ ਸੁਨੀਤਾ ਸਭਰਵਾਲ ਵੱਲੋਂ ਆਰੰਭੀ ‘ਲੱਖੀ ਸ਼ਾਹ ਵਣਜਾਰਾ ਜਾਗਰੂਕਤਾ ਥੀਏਟਰ ਮੁਹਿੰਮ’ ਦਾ ਉਦਘਾਟਨ ਕੀਤਾ ਗਿਆ। ਇਸ ਵੇਲੇ ਡੀਸੀ ਨੇ ਨਟਾਸ ਪ੍ਰਧਾਨ ਜੀ.ਐੱਸ. ਕੱਕੜ ਵੱਲੋਂ ਬਾਰਾਂਦਰੀ ਗਾਰਡਨ ਥੀਏਟਰ ਲਹਿਰ ਤਹਿਤ 236 ਮਾਸਿਕ ਗਾਰਡਨ ਨਾਟਕ ਮੇਲੇ ਕਰਾਉਣ ਦੀ ਪ੍ਰਸ਼ੰਸਾ ਕੀਤੀ।