ਦੇਸ ਰਾਜ ਕਾਲੀ
ਦੇਸ਼ ਵੰਡ ਨੇ ਪੰਜਾਬੀਆਂ ਦੇ ਮਨ ਅਜਿਹੇ ਪੱਛੇ ਕਿ ਇਹ ਤ੍ਰਾਸਦੀ ਹਰ ਪੀੜ੍ਹੀ ਨੂੰ ਅਜੇ ਕੱਲ੍ਹ ਦੀ ਗੱਲ ਜਾਪਦੀ ਹੈ। ਕਵੀਆਂ, ਕਹਾਣੀਕਾਰਾਂ ਅਤੇ ਹੋਰ ਵਿਧਾਵਾਂ ਦੇ ਲੇਖਕਾਂ ਨੇ ਇਸ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੀ, ਚਿੱਤਰਕਾਰਾਂ ਨੇ ਵੀ ਇਸ ਨੂੰ ਚਿਤਰਿਆ ਹੈ। ਇਹ ਲੇਖ ਕਲਾਕਾਰ ਮੋਹਿੰਦਰ ਠੁਕਰਾਲ ਦੀ ਇਸ ਤੋਂ ਪ੍ਰੇਰਿਤ ਚਿੱਤਰ ਲੜੀ ’ਤੇ ਆਧਾਰਿਤ ਹੈ।
ਉਹਦੇ ਮੱਥੇ ’ਚ ਪੱਛ ਟਸਕਦੇ ਨੇ। ਅੱਖ ’ਚ ਖ਼ੂਨ ਉਤਰਦਾ ਹੈ। ਪਿੱਠ ’ਚੋਂ ਲਹੂ ਸਿੰਮਦਾ ਹੈ। ਸਮੇਂ ਨੇ ਜਿਵੇਂ ਸੂਰਜ ਦੀ ਅੱਖ ਵਿੰਨ੍ਹ ਦਿੱਤੀ ਹੋਵੇ। ਚਾਨਣ ਗਹਿਰੇ ਲਹੂ ਰੰਗਾ ਹੈ। ਉਹ ਸਿਰ ਝਟਕਦਾ ਹੈ। ਕੋਈ ਸੱਪ ਹੈ ਜੋ ਉਸ ਦੀ ਲੱਤ ’ਤੇ ਡੰਗ ਮਾਰਦਾ ਹੈ। ਕੋਈ ਕਿਰਪਾਨ ਹੈ ਜੋ ਉਸ ਡੰਗ ਵਾਲੀ ਥਾਂ ’ਤੇ ਟੱਕ ਮਾਰਦੀ ਹੈ। ਇਹ ਜ਼ਖ਼ਮ ਅਵੱਲੇ ਨੇ, ਮਲ੍ਹਮ ਲਾਇਆਂ ਵੀ ਦੁਖਦੇ ਨੇ। ਅਤੀਤ ਉਹਦੇ ਮੋਢਿਓਂ ਉਤਰ ਹੀ ਨਹੀਂ ਰਿਹਾ। ਜ਼ਰੂਰੀ ਨਹੀਂ ਕਿ ਬੇਤਾਲ ਤੁਹਾਡੇ ਕੰਧਾੜੇ ਬੋ ਮਾਰਦੀਆਂ ਰੂੜੀਆਂ ਦਾ ਹੀ ਹੋਵੇ, ਕਿਸੇ ਸੱਲ੍ਹ ਵਰਗੇ ਜ਼ਖ਼ਮ ਵੀ ਬੇਤਾਲ ਹੋ ਸਕਦੇ ਨੇ। ਤਾਉਮਰ ਇਹ ਪਿੱਠ ’ਤੇ ਲਟਕਦੇ ਨੇ। ਪਿੱਠ ’ਚ ਛੁਰੇ ਮਾਰਦੇ ਨੇ। ਇਹੀ ਛੁਰੇ ਫਿਰ ਆਤਮਾ ’ਤੇ ਫੱਟ ਲਾਉਂਦੇ ਨੇ। ਆਤਮਾ ਅੱਠ ਦਹਾਕਿਆਂ ਦੇ ਇਨ੍ਹਾਂ ਜ਼ਖ਼ਮਾਂ ਨੂੰ ਟੱਕ ਟੱਕ ਕਰ ਕੇ ਕੈਨਵਸ ’ਤੇ ਲਾਹੁੰਦੀ ਹੈ। ਇਹ ਵਲੂੰਧਰੀ ਹੋਈ ਆਤਮਾ ਦੀ ਕਲਾਕਾਰੀ ਹੈ ਅਤੇ ਕਲਾਕਾਰ ਨੇ ਮੋਹਿੰਦਰ ਠੁਕਰਾਲ।
ਟੱਕ ਇੱਕ: ਗਿਆਨ ਚੰਦ ਦਾਦੇ ਦਾ ਨਾਮ ਹੈ। ਘੋੜੀਆਂ ਪਾਲੀਆਂ ਹੋਈਆਂ। ਪਹਿਲਵਾਨ। ਘੋੜੇ ਨੂੰ ਧੌਣੋਂ ਫੜ ਪਟਕਾ ਕੇ ਮਾਰੇ। ਆਪਣਾ ਸ਼ੂਗਰ ਦਾ ਬਹੁਤ ਹੀ ਵਧੀਆ ਕਾਰੋਬਾਰ ਸੀ। ਸਿਆਲਕੋਟ ਦੇ ਜਿਸਮਾਂ ’ਚ ਰਿਦਮ ਹੁੰਦੈ। ਇਹੀ ਰਿਦਮ ਮਹਿੰਦਰ ਹੁਰਾਂ ਤੱਕ ਦਾਦੇ ਰਾਹੀਂ ਪਹੁੰਚਿਆ। ਨਾਲ ਪਹਿਲਵਾਨੀ ਪਹੁੰਚੀ। ਜ਼ਖ਼ਮ ਵੀ ਪਹੁੰਚੇ। ਜ਼ਖ਼ਮ ਸਗੋਂ ਜ਼ਿਆਦਾ ਸ਼ਿੱਦਤ ਨਾਲ ਪਹੁੰਚੇ। ਦਾਦੇ ਨੇ ਘੋੜੇ ਨੂੰ ਥਾਪੀ ਦੇਣੀ। ਪਾਣੀ ਦੀ ਮਸ਼ਕ ਨਾਲ ਰੱਖਣੀ ਤੇ ਨਿਕਲ ਪੈਣਾ ਅੰਮ੍ਰਿਤਸਰ ਨੂੰ ਵਪਾਰ ਦੇ ਮਾਮਲੇ ’ਚ। ਫਿਰ ਸਿਆਲਕੋਟ ਤੋਂ ਲੈ ਕੇ ਕਪੂਰਥਲਾ, ਰਾਵੀ ਕੰਢੇ ਗੁਰਦਾਸਪੁਰ, ਰੋਪੜ, ਨਵਾਂਸ਼ਹਿਰ, ਗੜ੍ਹਸ਼ੰਕਰ ਤੱਕ ਮੁਰੱਬੇ ਬਣਾਏ। ਵਾਹਵਾ ਸੌਖਾ ਪਰਿਵਾਰ। ਪਰ ਪੱਛੋਂ ਦੇ ਪੱਛ ਨੇ ਜਦੋਂ ਰਗੜਿਆ, ਡਾਢਾਂ ਕਢਾ ਦਿੱਤੀਆਂ। ਵੰਡ ਨੇ ਬਹੁਤ ਪਰਿਵਾਰ ਪੱਛੇ। ਇਨ੍ਹਾਂ ਦੀ ਪਿੱਠ ’ਤੇ ਵਾਰ ਹੋਏ। ਇਹ ਜੋ ਟੱਕ ਨੇ ਪੇਂਟਿੰਗਜ਼ ’ਚ, ਉਹੀ ਟੱਕ ਨੇ। ਬਾਬੇ ਦੀ ਪਿੱਠ ਵਾਲੇ। ਸਮੇਂ ਨਾਲ ਆ ਕੇ ਰਿਦਮਿਕ ਹੋ ਗਏ ਨੇ। ਜ਼ਖ਼ਮ ਭਰੇ ਭਾਵੇਂ ਨਾ, ਸਮੇਂ ਦਾ ਅਸਰ ਉਹਦੇ ’ਤੇ ਜ਼ਰੂਰ ਹੁੰਦੈ। ਹਾਂ, ਜਦੋਂ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਹੈ, ਜ਼ਖ਼ਮ ’ਤੇ ਅੰਗੂਰ ਆਉਣ ਦੀ ਥਾਂ ਰਿਸਣ ਲੱਗਦਾ ਹੈ। ਇਹ ਜ਼ਖ਼ਮ ਅੱਜ ਫਿਰ ਕਿਉਂ ਤਾਜ਼ਾ ਹੋ ਗਏ? ਮਹਿੰਦਰ ਨੇ ਅੱਠ ਦਹਾਕਿਆਂ ਤੋਂ ਸਾਂਭੀ ਰੱਖੇ ਹੰਝੂ ਕਿਉਂ ਵਹਾ ਦਿੱਤੇ। ਆਪਣੇ ਸਮੇਂ ਦੀ ਧੜਕਣ ਸੁਣ ਲਵੋ, ਤੁਹਾਨੂੰ ਸਭ ਸਮਝ ਆ ਜਾਵੇਗਾ। ਕੋਈ ਵੀ ਕਲਾਕਾਰ ਸਮੇਂ ਨਾਲ ਸਹਿਕਦਾ ਹੈ। ਉਹਦੀ ਸਹਿਕ ਦਾ ਸੇਕ ਕਲਾ ਬਣਦਾ ਹੈ ਤੇ ਸਮਾਂ ਆਪਣੇ ਨਾਲ ਅਤੀਤ ਦਾ ਬੇਤਾਲ ਵੀ ਚੁੱਕੀ ਫਿਰਦਾ ਹੈ ਤੇ ਭਵਿੱਖ ’ਚ ਸਬਕ ਵੀ ਦੇ ਰਿਹਾ ਹੁੰਦਾ ਹੈ।
ਟੱਕ ਦੋ: ਮੋਹਿੰਦਰ ਹੋਰੀਂ ਖ਼ੁਦ ਦੱਸਦੇ ਨੇ ਕਿ ਕਿਵੇਂ ਸਿਆਲਕੋਟ ਦੀ ਅੱਗ ਨੇ ਪਰਿਵਾਰ ਨੂੰ ਵਿੱਛੜਿਆਂ ਹੀ ਉਧਾਲ ਲਿਆ। ਕੋਈ ਪਰਿਵਾਰਕ ਮੈਂਬਰ ਕਿਤੇ ਤੇ ਕੋਈ ਕਿਤੇ। ਪਰ ਅੱਗ ਹਰ ਥਾਂ ਸੇਕ ਪੈਦਾ ਕਰ ਰਹੀ ਸੀ। ਬੰਦਿਆਈ ਮੱਚ ਰਹੀ ਸੀ। ਮੌਤ ਨੱਚ ਰਹੀ ਸੀ। ਲੋਕ ਉਜੜ ਰਹੇ ਸਨ। ਕਾਫ਼ਲਿਆਂ ਦਾ ਰੂਪ ਲਹੂ ਲੁਹਾਣ ਹੋ ਰਿਹਾ ਸੀ। ਹਮਲਾਵਰ ਬੁੱਚੜ ਹੁੰਦੇ ਨੇ। ਪਿਓ ਹੰਸ ਰਾਜ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰੀ। ਹੇਠਾਂ ਲਾਸ਼ਾਂ ਦਾ ਢੇਰ ਲੱਗਾ ਪਿਆ ਸੀ। ਉਹਦੇ ਬਹੁਤੀ ਸੱਟ ਤਾਂ ਨਾ ਲੱਗੀ, ਪਰ ਚੂਲਾ ਹਿੱਲ ਗਿਆ। ਸਾਰੀ ਉਮਰ ਉਹ ਛਾਲ ਮਰੇ ਹੋਏ ਸੁਪਨੇ ਵਾਂਗ ਨਾਲ ਚੁੱਕੀ ਫਿਰਦਾ ਰਿਹਾ। ਸਮੇਂ ਦਾ ਸੱਚ ਸੀ ਕਿ ਕੁਝ ਸੀਨੇ ਮੱਚ ਰਹੇ ਸਨ। ਕਈਆਂ ਦੇ ਧਰਮ ਪਰਿਵਰਤਨ ਹੋ ਰਹੇ ਸਨ। ਇਨ੍ਹਾਂ ਦਾ ਵੀ ਇੱਕ ਟੱਬਰ ਮੁਸਲਿਮ ਹੋ ਗਿਆ। ਬਾਕੀ ਅੰਮ੍ਰਿਤਸਰ ਆ ਕੇ ਕੈਂਪ ’ਚ ਇਕੱਠੇ ਹੋਏ। ਕਿਹੜਾ ਪਰਿਵਾਰ ਸੀ, ਜਿਹਨੇ ਸੇਕ ਸਹਿਣ ਨਹੀਂ ਕੀਤਾ। ਕਿਹੜਾ ਸੀ, ਜਿਹਦੀ ਪਿੱਠ ’ਤੇ ਛੁਰੇ ਨਹੀਂ ਸਨ ਵੱਜੇ। ਮਾਰਨ ਵਾਲੇ ਵੀ ਹਮਸਾਏ। ਬੜਾ ਹੌਲਨਾਕ ਮੰਜ਼ਰ ਸੀ। ਦਾਦੇ ਨੇ ਇੱਕ ਬਿਮਾਰ ਔਰਤ ਮੋਢਿਆਂ ’ਤੇ ਉਲਾਰੀ ਹੋਈ ਤੇ ਹਮਲਾਵਰਾਂ ਦਾ ਵਾਰ ਸਹਿ ਰਿਹਾ ਹੈ। ਉਹਦੀ ਪਿੱਠ ਛੁਰਿਆਂ ਨਾਲ ਪਰੁੰਨੀ ਗਈ ਹੈ। ਕੋਲ ਕਿਰਪਾਨ ਹੈ। ਹਮਲਾਵਰਾਂ ਦੇ ਵਾਰ ਸਹਿੰਦਿਆਂ ਉਹ ਕਿਸੇ ਗੰਦੇ ਨਾਲੇ ’ਚ ਜਾ ਪਿਆ। ਉੱਥੇ ਸੱਪ ਨੇ ਡੰਗ ਮਾਰਿਆ। ਉਹਨੇ ਉਸੇ ਕਿਰਪਾਨ ਨਾਲ ਡੰਗ ਵਾਲੀ ਥਾਂ ਪੱਛੀ। ਕਿਸੇ ਤਰ੍ਹਾਂ ਬਚ ਨਿਕਲਿਆ। ਇੱਕ ਤੂੜੀ ਵਾਲੇ ਢਾਰੇ ’ਚੋਂ ਤੂੜੀ ਨਾਲ ਜ਼ਖ਼ਮ ਢਕ ਸਿਰ ਦਾ ਮੰਡਾਸਾ ਖੋਲ੍ਹ ਬੰਨ੍ਹ ਲਿਆ। ਤਿੰਨ ਦਿਨ ਉੱਥੇ ਈ ਲੁਕਿਆ ਰਿਹਾ ਭੁੱਖਾ ਭਾਣਾ। ਮੋਹਿੰਦਰ ਦੀ ਅੱਖ ’ਚ ਖ਼ੂਨ ਉਤਰਿਆ ਹੈ। ਉਹਨੇ ਅੱਖ ਜਿਹੜੀ ਬਣਾਈ ਹੈ ਆਪਣੀ ਇਸ ਲੜੀ ’ਚ, ਆਪਣੇ ਹੀ ਪੋਟਰੇਟ ਦੀ, ਉਹ ਅੱਖ ਬਾਪੂ ਦੀ ਅੱਖ ਹੈ, ਉਨ੍ਹਾਂ ਤਿੰਨ ਦਿਨਾਂ ’ਚ ਜਿਹੋ ਜਿਹੀ ਸੀ। ਉਹ ਸਾਰਾ ਦਹਿਲ/ਭੁੱਖ/ਮੁਸੀਬਤ/ਵਿਛੋੜਾ/ਸੱਪ/ਡੰਗ ਸਭ ਉਸ ਅੱਖ ’ਚ ਦਿਖਾਈ ਦਿੰਦੇ ਨੇ। ਤੁਸੀਂ ਖ਼ੁਦ ਦੇਖ ਲਵੋ।
ਟੱਕ ਤਿੰਨ: ਇਸ ਲੜੀ ’ਚ ਸੈਲਫ ਪੋਟਰੇਟ ਹੀ ਕਿਉਂ? ਜਦੋਂ ਸਿਆਲਕੋਟ ਮੱਚਿਆ, ਮੋਹਿੰਦਰ ਸਾਲ ਕੁ ਦਾ ਸੀ। ਉਜਾੜਾ ਸਿਰ ’ਤੇ ਕੂਕ ਰਿਹਾ। ਬੀਬੀਆਂ ਆਪਣੀਆਂ ਇੱਜ਼ਤਾਂ ਲਈ ਖੂਹਾਂ ’ਚ ਛਾਲਾਂ ਮਾਰ ਰਹੀਆਂ। ਕੁਝ ਨਾਲ ਬਲਾਤਕਾਰ ਹੋ ਰਹੇ ਸਨ। ਛਾਤੀ ਕੱਟ ਦਿੱਤੀ ਕਿਸੇ ਦੀ। ਪਾਪ ਦੀ ਜੰਞ ਕਾਬਲੋਂ ਨਹੀਂ ਆਈ ਸੀ, ਨਹੁੰਆਂ ਨਾਲੋਂ ਮਾਸ ਵੱਖ ਹੋ ਗਿਆ ਸੀ। ਮਾਂ ਸੁਹਾਗਵੰਤੀ ਤੇ ਮਾਸੀ ਸੋਮਵੰਤੀ ਘਿਰ ਗਈਆਂ। ਦਹਿਲ ਗਈਆਂ। ਦਰਿਆ ’ਚ ਉਤਰ ਗਈਆਂ। ਸਰਕੜਿਆਂ ਦੇ ਉਹਲੇ। ਹਮਲਾਵਰ ਦੇ ਅੱਖੀਂ ਘੱਟਾ। ਪਾਣੀ ਦਾ ਵਹਾਅ। ਮਾਸੀ ਨੇ ਮੁੰਡੇ ਨੂੰ ਸਿਰ ’ਤੇ ਬਿਠਾ ਲਿਐ। ਘੁਸਮੁਸੇ ’ਚ ਘੁਸਰ ਮੁਸਰ ਹੋਈ। ਇਹ ਬਚ ਗਈਆਂ। ਮੁੰਡੇ ਨੂੰ ਕੁਝ ਖ਼ਬਰ ਨਹੀਂ। ਮਾਸੀ ਜਦੋਂ ਦੱਸਦੀ ਸੀ, ਨੌਜਵਾਨ ਹੋ ਗਏ ਮਹਿੰਦਰ ਦੇ ਕੰਨ ਸਾਂ ਸਾਂ ਕਰਨ ਲੱਗਦੇ। ਮੌਤ ਅੱਖਾਂ ’ਚ ਉਤਰ ਆਉਂਦੀ। ਉਹਨੇ ਸਾਰੇ ਮੰਜ਼ਰ ਮਾਸੀ ਤੇ ਮਾਂ ਦੀ ਅੱਖ ’ਚੋਂ ਪੜ੍ਹੇ ਸਨ। ਉਹੀ ਮੰਜ਼ਰ ਨੇ ਇਹਦੇ ਦਿਲ ਦੇ ਨਿਸ਼ਾਨ ਵਾਲੇ। ਮੌਤ ਦੇ ਨਿਸ਼ਾਨ ਵਾਲੇ। ਇਸੇ ਕਰਕੇ ਅਣਵੰਡੇ ਪੰਜਾਬ ਦਾ ਨਕਸ਼ਾ ਇਹਦੇ ਹਿਰਦੇ ’ਚ ਵੱਸਦੈ। ਓਧਰ ਪਾਰ ਰਹਿ ਗਿਆ ਟੱਬਰ ਵੀ ਚਿੱਤਰਾਂ ’ਚ ਸਫ਼ਰ ਕਰ ਰਿਹਾ ਹੈ। ਇਹ ਕਲਾਕ੍ਰਿਤਾਂ ਬਹੁਤ ਸੂਖ਼ਮ ਨੇ। ਇਹ ਸਮੇਂ ਦੇ ਦਾਗ਼ ਨੇ। ਇਹ ਉਹ ਟੱਕ ਨੇ ਜਿਨ੍ਹਾਂ ਨੇ ਪੀੜ੍ਹੀਆਂ ਤੱਕ ਮੱਚਣਾ ਹੈ। ਇਹ ਮਹਿੰਦਰ ਦੇ ਅੰਦਰੋਂ ਆਸਮਾਨ ਵੱਲ ਉੱਠੀਆਂ ਲਾਟਾਂ ਨੇ। ਇਹਦੇ ’ਚ ਕਲਾਕਾਰ ਬਲ਼ ਰਿਹੈ।
ਟੱਕ ਚਾਰ: ਪੋਰਟਰੇਟ ਵਾਲਾ ਜੁੱਸਾ ਭਲਵਾਨੀ ਹੈ। ਮੁੱਛ ਵੀ ਭਲਵਾਨੀ ਹੈ। ਇਹ ਇਮਾਨਦਾਰ ਬੰਦੇ ਦੀ ਨਿਸ਼ਾਨੀ ਹੈ। ਭਲਵਾਨੀ ਇਨ੍ਹਾਂ ਤੋਂ ਵੀ ਪਹਿਲਾਂ ਇੰਤਜ਼ਾਰ ਕਰ ਰਹੀ ਸੀ। ਜਲੰਧਰ ਅਖਾੜਿਆਂ ’ਚ ਦੂਸਰੇ ਨੰਬਰ ਸੀ। ਪਹਿਲੇ ਨੰਬਰ ’ਤੇ ਅੰਮ੍ਰਿਤਸਰ ਸੀ। ਮਹਾਸ਼ਾ ਭਾਰਤ ਭੂਸ਼ਨ ਉਰਫ਼ ਅਫਲਾਤੂਨ ਉਸਤਾਦ ਸਨ। ਜਾ ਪੈਰੀਂ ਹੱਥ ਲਾਏ। ਜ਼ੋਰ/ਕਸਰਤ ਸ਼ੁਰੂ। ਦਿਨ ਪਲਟਦੇ ਰਹੇ, ਅਖਾੜੇ ਮਹਿਕਦੇ ਰਹੇ। ਫਿਰ ਉਸਤਾਦ ਨੇ ਕਿਹਾ, ਮੈਂ ਹੁਣ ਇੱਥੇ ਨਹੀਂ ਰਹਿਣਾ। ਇਹ ਅਖਾੜਾ ਚਾਰ ਹਿੱਸਿਆਂ ’ਚ ਤੁਹਾਨੂੰ ਸੰਭਾਲ ਰਿਹਾ ਹਾਂ। ਇਹ ਚਾਰ ਨਾਂ ਸਨ: ਸਾਹਿਬ ਸਿੰਘ, ਰਾਮ ਲਾਲ, ਸਵਤੰਤਰ ਕੁਮਾਰ ਤੇ ਮੋਹਿੰਦਰ ਠੁਕਰਾਲ। ਇਹ ਭਾਰਤ ਦੀ ਮੰਗ ਹੈ। ਇਹ ਭਾਰਤ ਦੀ ਸਾਂਝ ਹੈ। ਅਸੀਂ ਇੱਕੋ ਅਖਾੜੇ ਦੇ ਹਾਂ। ਉਸਤਾਦ ਲੋਕ ਦੂਰ-ਅੰਦੇਸ਼ ਹੁੰਦੇ ਸਨ। ਉਹ ਕੋਈ ਵੀ ਸੁਨੇਹਾ ਦਿੰਦੇ, ਮਨੁੱਖਤਾ ਪਹਿਲ ’ਤੇ ਹੁੰਦੀ। ਇਨ੍ਹਾਂ ਚਿੱਤਰਾਂ ’ਚ ਉਸਤਾਦ ਦਾ ਸੁਨੇਹਾ ਵੀ ਹੈ। ਤਦੇ ਮੈਂ ਕਹਿ ਰਿਹਾਂ ਕਿ ਕੋਈ ਵੀ ਕਲਾਕ੍ਰਿਤ ਆਪਣੇ ਸਮੇਂ ਨੂੰ ਸਿੱਧਾ ਸੰਬੋਧਿਤ ਹੁੰਦੀ ਹੈ, ਭਾਵੇਂ ਉਹਨੇ ਅਤੀਤ ’ਚੋਂ ਬਹੁਤ ਕੁਝ ਲਿਆ ਵੀ ਹੋਵੇ। ਭਵਿੱਖ ਉਹਦੇ ’ਚ ਝਾਕ ਸਕਦੈ। ਇਹੀ ਇਨ੍ਹਾਂ ਤਸਵੀਰਾਂ ਦੀ ਖ਼ੂਬਸੂਰਤੀ ਏ। ਮੈਂ ਇਨ੍ਹਾਂ ਦੇ ਆਰ-ਪਾਰ ਝਾਕਿਆ ਹਾਂ। ਇਹ ਪਾਰਦਰਸ਼ੀ ਨੇ। ਜਿਵੇਂ ਮਹਿੰਦਰ ਹੋਰਾਂ ਦਾ ਦਿਲ। ਇਹ ਬਹੁਤ ਪ੍ਰਬੁੱਧ, ਪਰ ਜ਼ਮੀਨ ਨਾਲ ਜੁੜੇ ਕਲਾਕਾਰ ਦੀ ਧੜਕਣ ਨੇ। ਤੁਸੀਂ ਕਿਸੇ ਵੀ ਚਿੱਤਰ ’ਚ ਕੁਝ ਧੜਕਦਾ ਸੁਣ ਸਕਦੇ ਹੋ। ਤਦੇ ਇਹ ਪੋਰਟਰੇਟ ਹੋ ਗਈਆਂ। ਇੱਕ ਕਲਾਕਾਰ ਦਾ ਪੋਰਟਰੇਟ।
ਟੱਕ ਪੰਜ: ਵੰਡ ਵਾਲੀ ਲੜੀ ਦਾ ਬਣਨ ਸਮਾਂ ਤੇ ਮੋਹਿੰਦਰ ਦੀ ਅੱਖ ’ਚ ਕੋਈ ਪੱਛ ਲਾ ਰਿਹਾ ਹੈ। ਉਸ ਸਮੇਂ ਦੀ ਪਛਾਣ ਕਰਵਾਉਣੀ ਹੈ। ਅੱਜ ਜਿਹੜੇ ਜ਼ਾਤ/ਧਰਮ ਦੇ ਟੱਕ ਮਨੁੱਖੀ ਮਨ ’ਤੇ ਵੱਜ ਰਹੇ ਨੇ। ਜਿਹੜੇ ਪੀੜ੍ਹੀਆਂ ਤੱਕ ਸਫ਼ਰ ਕਰਨਗੇ। ਮਹਿੰਦਰ ਦਾ ਪੁੱਤਰ ਕਿਸਾਨ ਮੋਰਚੇ ’ਚ ਜਾ ਬੈਠਿਆ। ਅਸੀਂ ਕਿਸਾਨ ਦੇ ਬੱਚੇ ਹਾਂ। ਕਿਸਾਨ ਸਾਡਾ ਬਾਪ ਐ/ਦਾਦਾ ਐ। ਕਿਵੇਂ ਅਭਿੱਜ ਰਹਿ ਜਾਵਾਂਗੇ। ਮੋਹਿੰਦਰ ਕਿਵੇਂ ਅਭਿੱਜ ਰਹਿ ਸਕਦਾ। ਕੋਈ ਵੀ ਕਲਾਕਾਰ ਕਿਵੇਂ ਅਭਿੱਜ ਰਹਿ ਸਕਦਾ ਹੈ। ਆਪਣੇ ਹੀ ਸਮੇਂ ਤੋਂ ਅਭਿੱਜ ਰਹਿ ਕੇ ਕੋਈ ਕਲਾਕਾਰ ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ। ਹਰ ਬੌਧਿਕ ਹੌਲੀ ਹੌਲੀ ਖ਼ੁਦਕੁਸ਼ੀ ਵੱਲ ਵਧ ਰਿਹਾ ਹੁੰਦਾ। ਹਰ ਬੌਧਿਕ ਵਿਅਕਤੀ ਮਰੇਗਾ। ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਏ। ਮਹਿੰਦਰ ਦੀ ਅੱਖ ਦਾ ਅੱਥਰੂ ਇਨ੍ਹਾਂ ਚਿੱਤਰਾਂ ’ਚ ਕਿਤੇ ਕਿਰ ਗਿਆ ਹੈ। ਤਦੇ ਇਹ ਦ੍ਰਵਿਤ ਨੇ। ਇਹ ਕਲਾਕ੍ਰਿਤਾਂ ਵਹਿ ਰਹੀਆਂ ਨੇ। ਤੁਸੀਂ ਇਨ੍ਹਾਂ ਦੀ ਕਲ਼ਕਲ਼ ਸੁਣ ਸਕਦੇ ਹੋ। ਇਹ ਕਲ਼ਕਲ਼ ਕੰਨਾਂ ਨਾਲ ਨਹੀਂ, ਮਨ ਨਾਲ ਸੁਣੀ ਜਾਣੀ ਹੈ। ਮੈਂ ਇਨ੍ਹਾਂ ਦੀ ਕਲ਼ਕਲ਼ ਸੁਣ ਰਿਹਾ ਹਾਂ। ਮਾਸੀ ਸੋਮਵੰਤੀ ਦੇ ਪੈਰਾਂ ਦੀ ਛਪਾਕ ਮੈਨੂੰ ਸੁਣਾਈ ਦੇ ਰਹੀ ਹੈ। ਮੇਰੇ ਮਨ ’ਚ ਭੈਅ ਜਾਗਿਆ ਹੈ। ਮਹਿੰਦਰ ਕਿਸੇ ਬੱਚੇ ਨੂੰ ਆਪਣੇ ਕਲਾਵੇ ’ਚ ਭਰਦਾ ਹੈ। ਇਹ ਉਹਦੇ ਚਿੱਤਰ ਨੇ। ਇਹੀ ਉਹਦੇ ਪੁੱਤਰ ਧੀਆਂ ਨੇ। ਉਹ ਇਨ੍ਹਾਂ ਨੂੰ ਸਮੇਂ ਦੀ ਅਗਨ ’ਚ ਸੜਨ ਤੋਂ ਬਚਾਉਣਾ ਚਾਹੁੰਦਾ ਹੈ। ਤਦੇ ਮਹਿੰਦਰ ਪੋਰਟਰੇਟ ਹੋ ਗਿਐ। ਉਹ ਕ੍ਰਾਂਤੀ ਬੀਜ ਰਿਹੈ। ਜੇ ਮੇਰਾ ਭਵਿੱਖ ਬਲ਼ੇਗਾ ਤਾਂ ਉਨ੍ਹਾਂ ’ਚ ਬਲਣ ਵਾਲਾ ਮੈਂ ਸਭ ਤੋਂ ਪਹਿਲਾ ਬੰਦਾ ਹੋਵਾਂਗਾ। ਮੈਂ ਕਲਾ ਦੇ ਰੂਪ ’ਚ ਮੱਚਾਂਗਾ ਤੇ ਕੁਕਨੂਸ ਬਣ ਕੇ ਫਿਰ ਜਨਮ ਲਵਾਂਗਾ। ਮੈਂ ਲੜਾਂਗਾ। ਉਦੋਂ ਤੱਕ ਜਦ ਤੱਕ ਲੜਨ ਦੀ ਲੋੜ ਹੋਈ!
ਸੰਪਰਕ: 94176-58139