ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਸਤੰਬਰ
ਇਲਾਕੇ ਵਿੱਚ ਦੋ ਦਿਨ ਪਏ ਭਾਰੀ ਮੀਂਹ ਤੋਂ ਬਾਅਦ ਮੌਸਮ ਸਾਫ਼ ਹੋ ਗਿਆ ਹੈ ਪਿੰਡ ਪਵਾਤ ਦੇ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਪਵਾਤ ਵਿਚ ਸੂਆ ਟੁੱਟਣ ਕਾਰਨ ਸੈਂਕੜੇ ਏਕੜ ਫ਼ਸਲਾਂ ਵਿੱਚ ਪਾਣੀ ਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਵਾਤ ਪਿੰਡ ਨੇੜੇ ਵਗਦੇ ਸੂਏ ਵਿੱਚ ਪਿੱਛੋਂ ਆਇਆ ਘਾਹ ਫੂਸ ਫਸ ਗਿਆ। ਪੁਲੀ ਤੋਂ ਪਾਣੀ ਦਾ ਵਹਾਅ ਬੰਦ ਹੋਣ ਕਾਰਨ ਸੂਆ ਟੁੱਟ ਗਿਆ ਅਤੇ ਪਾਣੀ ਝੋਨੇ ਸਣੇ ਹੋਰ ਫ਼ਸਲਾਂ ਵਿਚ ਜਾ ਵੜਿਆ। ਪੀੜਤ ਲੋਕਾਂ ਅਨੁਸਾਰ ਸੂਆ ਟੁੱਟਣ ਤੋਂ ਬਾਅਦ ਨਾ ਹੀ ਡਰੇਨੇਜ਼ ਵਿਭਾਗ, ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਕਿਸਾਨਾਂ ਦੀ ਸਾਰ ਲੈਣ ਪੁੱਜਾ ਹੈ। ਇਸ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਜੇਸੀਬੀ ਮਸ਼ੀਨ ਮੰਗਵਾਈ ਅਤੇ ਪੁਲੀ ਹੇਠਾਂ ਫਸੀ ਜੜ੍ਹੀ-ਬੂਟੀ ਕਢਵਾਈ। ਇਸ ਦੌਰਾਨ ਸੂਏ ਵਿੱਚ ਪਏ ਪਾੜ ਨੂੰ ਵੀ ਬੋਰੀਆਂ ਲਗਾ ਕੇ ਭਰਿਆ ਗਿਆ ਤਾਂ ਜੋ ਫ਼ਸਲਾਂ ਨੂੰ ਬਚਾਇਆ ਜਾ ਸਕੇ। ਕਾਫ਼ੀ ਮੁਸ਼ੱਕਤ ਤੋਂ ਬਾਅਦ ਪਾਣੀ ਦਾ ਵਹਾਅ ਖੁੱਲ੍ਹਿਆ ਪਰ ਉਦੋਂ ਤੱਕ ਕਿਸਾਨਾਂ ਦੀ ਫ਼ਸਲ ਕਾਫ਼ੀ ਹੱਦ ਤੱਕ ਨੁਕਸਾਨੀ ਜਾ ਚੁੱਕੀ ਸੀ।